ਪੱਤਰ ਪ੍ਰੇਰਕ
ਭੁਲੱਥ, 11 ਸਤੰਬਰ
ਹਲਕਾ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨ੍ਹਾਂ ਦੀ ਪਤਨੀ ਜਯੋਤੀ ਯਾਦਵ ਵਿਰੁੱਧ ਕਥਿਤ 100 ਕਰੋੜੀ ਸਾਈਬਰ ਕ੍ਰਾਈਮ ਘੁਟਾਲੇ ਦੀ ਜਾਂਚ ਸਿੱਟ ਕੋਲੋਂ ਕਰਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਪੰਜਾਬ ਪੁਲੀਸ ਦੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੱਲੋਂ ਮੰਤਰੀ ਹਰਜੋਤ ਬੈਂਸ ਦੇ ਹਲਕੇ ਵਿੱਚ ਪੈਂਦੇ ਵਿਅਕਤੀਆਂ ਵੱਲੋਂ ਗੈਰਕਾਨੂੰਨੀ ਕਾਲ ਸੈਂਟਰ ਚਲਾਉਂਦਿਆਂ ਹੋਇਆਂ 100 ਕਰੋੜ ਦਾ ਘਪਲਾ ਹੋਣ ਦਾ ਪਰਦਾਫਾਸ਼ ਕੀਤਾ ਗਿਆ ਸੀ। ਉਨ੍ਹਾਂ ਹਰਜੋਤ ਬੈਂਸ ਤੇ ਉਸ ਦੀ ਪਤਨੀ ਜਯੋਤੀ ਯਾਦਵ ਵੱਲੋਂ ਸਾਈਬਰ ਕ੍ਰਾਈਮ ਕਰਨ ਵਾਲਿਆਂ ਨੂੰ ਕਥਿਤ ਤੌਰ ’ਤੇ ਬਚਾਉਣ ਦੇ ਨਾਲ-ਨਾਲ ਇਸ ਸਬੰਧੀ ਜਾਂਚ ਦੀ ਥਾਂ ਮੁਲਜ਼ਮਾਂ ਨੂੰ ਕਲੀਨ ਚਿੱਟ ਦੇਣ ਦੀ ਜਾਂਚ ਮੰਗੀ ਸੀ।