ਸ਼ਗਨ ਕਟਾਰੀਆ
ਬਠਿੰਡਾ, 27 ਮਾਰਚ
ਪੁਲੀਸ ਨੇ ਡਾਂਗ ਦਾ ਡਰ ਦਿਖਾ ਕੇ ਲੋਕਾਂ ਤੋਂ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੁਆਈ। ਪ੍ਰਾਈਵੇਟ ਬੱਸ ਅਪਰੇਟਰਾਂ ਦਾ ਗੁੱਸਾ ਛਲਕਿਆ ਤਾਂ ਉਨ੍ਹਾਂ ਬੱਸ ਅੱਡੇ ਦੇ ਗੇਟ ’ਤੇ ਧਰਨਾ ਲਾ ਦਿੱਤਾ। ਉਂਜ ਵੀ ਬਹੁਗਿਣਤੀ ਲੋਕਾਂ ਦੀ ਰਾਇ ਸੀ ਕਿ ਸਰਕਾਰ ਦਾ ਇਹ ਹੁਕਮ ਤਰਕਹੀਣ ਅਤੇ ਲੋਕਾਂ ਲਈ ਤਕਲੀਫ਼ਦੇਹ ਹੈ।
ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਮਕਸਦ ਅਧੀਨ ਅੱਜ ਰਾਜ ਭਰ ਅੰਦਰ 11 ਤੋਂ 12 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਨ ਦਾ ਸੱਦਾ ਸੀ। ਪੁਲੀਸ ਨੇ ਉੱਪਰੋਂ ਆਏ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਤਾਂ ਲੋਕ ਤ੍ਰਾਹ-ਤ੍ਰਾਹ ਕਰ ਉੱਠੇ। ਪੁਲੀਸ ਨੇ ਥਾਂ-ਥਾਂ ਸੜਕਾਂ ’ਤੇ ਰੋਕਾਂ ਖੜ੍ਹੀਆਂ ਕਰ ਕੇ ਵਾਹਨਾਂ ਦਾ ਚੱਕਾ ਜਾਮ ਕਰ ਦਿੱਤਾ। ਰਾਹਗੀਰਾਂ ਨੂੰ ਇਸ ਕਾਰਵਾਈ ਨਾਲ ਪ੍ਰੇਸ਼ਾਨੀ ਝੱਲਣੀ ਪਈ। ਬੱਸਾਂ, ਆਟੋ, ਟੈਕਸੀਆਂ ਅਤੇ ਹੋਰ ਵਾਹਨ ਘੰਟੇ ਭਰ ਲਈ ਰਸਤੇ ਵਿੱਚ ਰੁਕੇ ਰਹੇ। ਸ਼ਹਿਰ ਅੰਦਰ ਦੂਰ-ਦੂਰ ਤੱਕ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਬੱਸ ਅਪਰੇਟਰਾਂ ਨੇ ਇਤਰਾਜ਼ ਕੀਤਾ ਕਿ ਉਨ੍ਹਾਂ ਦੀਆਂ ਗੱਡੀਆਂ ਦੇ ਟਾਈਮ ਕੱਟੇ ਗਏ। ਬੱਸਾਂ ਰਾਹੀਂ ਦੁਰੇਡੇ ਸਫ਼ਰ ਕਰਨ ਵਾਲੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਫ਼ਿਕਰਮੰਦ ਸਨ ਕਿਉਂਕਿ ਅਫ਼ਵਾਹ ਫ਼ੈਲੀ ਹੋਈ ਸੀ ਕਿ ਜਾਮ ਸ਼ਾਮ ਦੇ ਚਾਰ ਵਜੇ ਤੱਕ ਜਾਰੀ ਰਹੇਗਾ। ਸੜਕੀ ਰੋਕਾਂ ’ਚ ਖ਼ੁਸ਼ੀ-ਗ਼ਮੀ ਦੇ ਸਮਾਗਮਾਂ ਵਿੱਚ ਜਾਣ ਵਾਲੇ ਲੋਕ ਵੀ ਫਸੇ ਹੋਏ ਸਨ।
ਕੁਝ ਥਾਵਾਂ ’ਤੇ ਲੋਕ ਪੁਲੀਸ ਨਾਲ ਬਹਿਸਦੇ ਵੀ ਦੇਖੇ ਗਏ। ਪੁਲੀਸ ‘ਉੱਪਰੋਂ ਆਏ ਹੁਕਮ ਵਜਾਉਣ’ ਦੀ ਗੱਲ ਕਹਿ ਕੇ ਮਜਬੂਰੀ ਬਿਆਨ ਰਹੀ ਸੀ। ਪੁਲੀਸ ਮੁਲਾਜ਼ਮ ਲੋਕਾਂ ਨੂੰ ਇਹ ਤਾਕੀਦ ਵੀ ਕਰਦੇ ਦੇਖੇ ਗਏ ਕਿ ਅਗਲੇ ਹੁਕਮਾਂ ਤੱਕ ਹਰ ਸ਼ਨਿਚਰਵਾਰ ਨੂੰ ਹੁਣ ਇਵੇਂ ਹੋਇਆ ਕਰੇਗਾ।