ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਕਤੂਬਰ
ਇੱਥੇ ਜ਼ਿਲ੍ਹਾ ਸਕੱਤਰੇਤ ਇਮਾਰਤ ’ਤੇ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਖ਼ਾਲਿਸਤਾਨ ਦਾ ਝੰਡਾ ਝੁਲਾਉਣ ਤੇ ਭਾਰਤੀ ਕੌਮੀ ਤਿਰੰਗੇ ਦੀ ਬੇਅਦਬੀ ਕੇਸ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਦੋ ਦਰਜਨ ਤੋਂ ਵੱਧ ਅਧਿਕਾਰੀਆਂ ਨੇ ਚਾਰ ਦਿਨ ਤੋਂ ਮੋਗਾ ਵਿਚ ਡੇਰਾ ਲਾਇਆ ਹੋਇਆ ਹੈ। ਐੱਨਆਈਏ ਦੀ ਟੀਮ ਗ੍ਰਿਫ਼ਤਾਰ ਮੁਲਜ਼ਮਾਂ ਦਾ ਬਦਨਾਮ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਤਾਲਮੇਲ ਦਾ ਖੁਰਾ ਖੋਜ ਲੱਭਣ ਲਈ ਛਾਪੇ ਮਾਰ ਰਹੀ ਹੈ।
ਮੋਗਾ ਵਿਚ ਖ਼ਾਲਿਸਤਾਨ ਝੰਡਾ ਝੁਲਾਉਣ ਤੇ ਕੌਮੀ ਤਿਰੰਗੇ ਦੀ ਬੇਅਦਬੀ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮ ਜਸਪਾਲ ਸਿੰਘ ਉਰਫ਼ ਐਂਪਾ, ਇੰਦਰਜੀਤ ਸਿੰਘ ਦੇ ਪਿੰਡ ਰੌਲੀ ਅਤੇ ਝੰਡਾ ਝਲਾਉਣ ਦੀ ਵੀਡੀਓ ਬਣਾਉਣ ਵਾਲਾ ਆਕਾਸ਼ਦੀਪ ਸਿੰਘ (19) ਪਿੰਡ ਸਾਧੂਵਾਲਾ (ਜੀਰਾ) ਅਤੇ ਜਗਵਿੰਦਰ ਸਿੰਘ ਪੱਖੋਵਾਲ (ਲੁਧਿਆਣਾ) ਦੇ ਘਰਾਂ ਵਿੱਚ ਛਾਪੇ ਮਾਰ ਕੇ ਲੈਪਟੌਪ, ਹਾਰਡ ਡਿਸਕ, ਪੈਨ ਡਰਾਈਵ ਅਤੇ ਕੁਝ ਹੋਰ ਇਲੈਕਟ੍ਰਾਨਿਕ ਸਮੱਗਰੀ ਤੋਂ ਇਲਾਵਾ ਕੁਝ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਹਨ। ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਅੱਜ ਐੱਨਆਈਏ ਵਿਸ਼ੇਸ਼ ਅਦਾਲਤ ਮੁਹਾਲੀ ਵਿਚ ਪੇਸ਼ ਕਰ ਕੇ 3 ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ।
ਸੂਤਰਾਂ ਅਨੁਸਾਰ ਐੱਨਆਈਏ ਮੁਲਜ਼ਮਾਂ ਦਾ ਆਈਐੱਸਆਈ ਅਤੇ ਸਿੱਖਸ ਫਾਰ ਜਸਟਿਸ ਨਾਲ ਤਾਲਮੇਲ ਦਾ ਖੁਰਾ ਖੋਜ ਲੱਭਣ ਲਈ ਯਤਨਸ਼ੀਲ ਹੈ। ਸਥਾਨਕ ਪੁਲੀਸ ਵੱਲੋਂ ਐੱਨਆਈਏ ਨੂੰ ਇਹ ਕੇਸ ਤਬਦੀਲ ਹੋਣ ਤੋਂ ਪਹਿਲਾਂ ਲਗਭਗ ਤਫ਼ਤੀਸ਼ ਮੁਕੰਮਲ ਕਰਨ ਤੋਂ ਇਲਾਵਾ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਸਿੱਖਸ ਫਾਰ ਜਸਟਿਸ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਤੇ ਇਸ ਜਥੇਬੰਦੀ ਦੇ ਆਗੂ ਰਾਜਾ ਸਿੰਘ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮਾਂ ਨੇ ਡਾਲਰਾਂ ਦੇ ਲਾਲਚ ਵਿੱਚ ਆ ਕੇ ਜ਼ਿਲ੍ਹਾ ਸਕੱਤਰੇਤ ਦੀ ਇਮਾਰਤ ਉੱਤੇ ਝੰਡਾ ਝੁਲਾ ਦਿੱਤਾ ਸੀ। ਉਨ੍ਹਾਂ ਨੂੰ ਮਨੀਚੇਂਜਰ ਰਾਹੀਂ ਸਿਰਫ਼ 20 ਹਜ਼ਾਰ ਰੁਪਏ ਭਾਰਤੀ ਕਰੰਸੀ ਮਿਲੀ ਸੀ। ਹੁਣ ਐੱਨਆਈਏ ਟੀਮ ਦੀ ਜਾਂਚ ਜਾਰੀ ਹੈ। ਸਥਾਨਕ ਪੁਲੀਸ ਵੱਲੋਂ ਥਾਣਾ ਸਿਟੀ ਵਿੱਚ ਦੇਸ਼ਧਰੋਹ ਤੇ ਹੋਰ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਐੱਨਆਈਏ ਨੇ ਨੈਸ਼ਨਲ ਆਨਰਜ਼ ਐਕਟ, 1972 ਦੀ ਧਾਰਾ 2 ਦਾ ਵਾਧਾ ਕਰ ਦਿੱਤਾ ਸੀ।
ਦੱਸਣਯੋਗ ਹੈ ਕਿ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਉੱਤੇ ਐੱਨਆਈਏ ਨੇ ਬੀਤੇ ਸਤੰਬਰ ਮਹੀਨੇ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ‘ਅਟੈਚ’ ਕਰ ਲਈਆਂ ਸਨ।