ਪੱਤਰ ਪ੍ਰੇਰਕ
ਸਮਰਾਲਾ, 14 ਸਤੰਬਰ
ਕੁਝ ਸ਼ਰਾਰਤੀ ਅਨਸਰਾਂ ਨੇ ਸਮਰਾਲਾ ਦੇ ਪਿੰਡ ਬਘੌਰ ’ਚ ‘ਪੰਜਾਬ ਦਾ ਹੱਲ ਖ਼ਾਲਿਸਤਾਨ’ ਤੇ ‘ਰੈਫਰੰਡਮ-2020’ ਲਈ ਵੋਟਾਂ ਬਣਵਾਓ ਦੇ ਨਾਅਰੇ ਲਿਖ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਸਵੇਰੇ ਪਿੰਡ ਬਘੌਰ ’ਚ ਸ਼ਹੀਦੀ ਗੇਟ ਉੱਤੇ ਲੋਕਾਂ ਨੇ ਲਾਲ ਰੰਗ ਦੀ ਸਿਆਹੀ ਨਾਲ ਖ਼ਾਲਿਸਤਾਨੀ ਨਾਅਰੇ ਲਿਖੇ ਦੇਖੇ ਤਾਂ ਉਨ੍ਹਾਂ ਪੁਲੀਸ ਨੂੰ ਇਸ ਦੀ ਇਤਲਾਹ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਸਮੇਂ ਸ਼ਰਾਰਤੀ ਅਨਸਰ ਇਹ ਨਾਅਰੇ ਲਿਖ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਮੁੜ ਤੇਜ਼ ਹੋ ਗਈਆਂ ਹਨ। ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਨਾਅਰਿਆਂ ਨੂੰ ਕਾਲੇ ਰੰਗ ਨਾਲ ਮਿਟਾ ਦਿੱਤਾ ਹੈ। ਇਸ ਬਾਰੇ ਡੀਐੱਸਪੀ ਸਮਰਾਲਾ ਨੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖਦਿਆਂ ਕਿਹਾ ਕਿ ਖ਼ਾਲਿਸਤਾਨੀ ਨਾਅਰੇ ਲਿਖਣ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ।