ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਅਗਸਤ
ਪੈਰਾ ਓਲੰਪਿਕ ਵਿਚ ਜੇਤੂ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਨਾ ਦਿੱਤੇ ਜਾਣ ਦੇ ਰੋਸ ਵਜੋਂ ਉਸ ਨੇ ਅੱਜ ਇਥੋਂ ਦੇ ਲਲਹੇੜੀ ਚੌਕ ਵਿਖੇ ਬੂਟ ਪਾਲਿਸ਼ ਕਰਕੇ ਪ੍ਰਦਰਸ਼ਨ ਕੀਤਾ। ਸਰਕਾਰ ਤੋਂ ਨਿਰਾਸ਼ ਤਰੁਣ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿਚ ਸਮਾਂ ਬਰਬਾਦ ਨਾ ਕਰਨ ਕਿਉਂਕਿ ਖਿਡਾਰੀਆਂ ਵੱਲੋਂ ਜਿੱਤੇ ਮੈਡਲਾਂ ਦੀ ਕੋਈ ਕਦਰ ਨਹੀਂ ਪੈਂਦੀ ਅਤੇ ਸਰਕਾਰ ਵੀ ਇਨ੍ਹਾਂ ਦੀ ਕੋਈ ਸਾਰ ਨਹੀਂ ਲੈਂਦੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਨਾਲ ਵਾਅਦੇ ਤਾਂ ਕਰਦੀ ਹੈ ਪਰ ਉਨ੍ਹਾਂ ਨੂੰ ਪੂਰਾ ਨਹੀਂ ਕਰਦੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਰੁਣ ਸ਼ਰਮਾ ਦੀ ਕਾਬਲੀਅਤ ਤੇ ਉਸ ਵੱਲੋਂ ਪ੍ਰਾਪਤ ਕੀਤੇ ਮੈਡਲਾਂ ਨੂੰ ਦੇਖਦੇ ਹੋਏ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਆਰਥਿਕ ਮਦਦ ਕਰੇ। ਇਸ ਮੌਕੇ ਦਵਿੰਦਰ ਕੌਰ, ਜਤਿੰਦਰ ਨਾਰੰਗ, ਸੁਨੀਲ ਗੁਪਤਾ, ਵਿਸ਼ਾਲ ਭਾਟੀਆ, ਅਨਿਲ ਵਿੱਜ, ਅਵਤਾਰ ਮੋਰੀਆ, ਸੰਜੀਵ ਕੁਮਾਰ, ਰਵਿੰਦਰ ਕੌਰ ਹਾਜ਼ਰ ਸਨ।