ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਜੂਨ
ਇਥੋਂ ਦੇ ਨੇੜਲੇ ਪਿੰਡ ਭਾਂਦਲਾ ਦੇ ਵਸਨੀਕਾਂ ਨੇ ਪਿੰਡ ਵਿਚ ਬਿਜਲੀ ਨਾ ਆਉਣ ’ਤੇ ਵਿਭਾਗ ਦੇ ਸਬੰਧਤ ਅਧਿਕਾਰੀ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਜਰਨੈਲੀ ਸੜਕ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਤਿੰਨ ਦਿਨ ਤੋਂ ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸਬੰਧੀ ਜਦੋਂ ਵਿਭਾਗ ਦੇ ਜੇਈ ਜਸਪਾਲ ਸਿੰਘ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਲੋਕਾਂ ਨਾਲ ਕਥਿਤ ਬਦਸਲੂਕੀ ਕੀਤੀ, ਜਿਸ ਦੀ ਵੀਡੀਓ ਵਿਭਾਗ ਦੇ ਉੱਚ ਅਫ਼ਸਰ ਨੂੰ ਦਿਖਾਈ ਗਈ। ਜਰਨੈਲੀ ਸੜਕ ’ਤੇ ਲਾਏ ਜਾਮ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਅੱਤ ਦੀ ਗਰਮੀ ਵਿਚ ਬਿਜਲੀ ਨਾ ਆਉਣ ਕਾਰਨ ਪੀਣ ਵਾਲੇ ਪਾਣੀ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵਿਭਾਗੀ ਅਫ਼ਸਰ ਜਸਤੇਜ ਸਿੰਘ ਟਿਵਾਣਾ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਜੇਈ ਖਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਵਿਚ ਬਿਜਲੀ ਬਹਾਲ ਕਰਵਾਈ ਜਾਵੇਗੀ। ਇਸ ਮੌਕੇ ਅਮਰਦੀਪ ਸਿੰਘ, ਹਰਚੰਦ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਦੀਪ ਸਿੰਘ, ਮੋਹਣ ਸਿੰਘ, ਪਵਿੱਤਰ ਸਿੰਘ, ਜ਼ੋਰਾਵਰ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਚੰਨਾ ਸਿੰਘ ਹਾਜ਼ਰ ਸਨ।
ਇਸ ਸਬੰਧੀ ਜੇਈ ਜਸਪਾਲ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਦੀ ਘਾਟ ਕਾਰਨ ਬਿਜਲੀ ਸਪਲਾਈ ਦੀ ਮੁਰੰਮਤ ਵਿੱਚ ਦੇਰੀ ਹੋ ਰਹੀ ਹੈ।