ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਫਰਵਰੀ
ਹਰਿਆਣਾ ਦੇ ਖੇਤੀ ਮੰਤਰੀ ਜੈ ਪ੍ਰਕਾਸ਼ ਦਲਾਲ ਵੱਲੋਂ ਮੋਰਚਿਆਂ ਵਿੱਚ ਮਾਰੇ ਗਏ ਕਿਸਾਨਾਂ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਦੀ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਨੇ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਚੇਤੇ ਰਹੇ ਕਿ ਦਲਾਲ ਨੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਹਵਾਲੇ ਨਾਲ ਕਿਹਾ ਸੀ ਕਿ ‘ਇਹ ਲੋਕ ਜੇਕਰ ਘਰਾਂ ਵਿੱਚ ਵੀ ਹੁੰਦੇ ਤਾਂ ਇਨ੍ਹਾਂ ਦੀ ਮੌਤ ਹੋ ਜਾਣੀ ਸੀ।’
ਕਿਸਾਨ ਆਗੂ ਅਮਰੀਕ ਸਿੰਘ ਨੇ ਕਿਹਾ ਕਿ ਸੂਬਾਈ ਖੇਤੀ ਮੰਤਰੀ ਦੇ ਵਿਵਾਦਿਤ ਬਿਆਨ ਤੋਂ ਭਾਜਪਾ ਦਾ ਦੇਸ਼ ਦੇ ਅੰਨਦਾਤਾ ਪ੍ਰਤੀ ਰੁਖ਼ ਸਾਫ਼ ਹੋ ਜਾਂਦਾ ਹੈ ਕਿ ਇਹ ਪਾਰਟੀ ਅਮੀਰਾਂ ਭਾਵ ਕਾਰਪੋਰੇਟਾਂ ਨਾਲ ਹੀ ਖੜ੍ਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਸਿਰਫ਼ ਫਿਰਕੂ ਏਜੰਡੇ ਅਪਣਾ ਕੇ ਸੱਤਾ ਹਾਸਲ ਕਰਦੀ ਆਈ ਹੈ ਤੇ ਇਸ ਦੇ ਆਗੂ ਬਹੁਗਿਣਤੀ ਮਿਹਨਤਕਸ਼ਾਂ ਤੇ ਹੇਠਲੇ ਤਬਕੇ ਵਿਰੋਧੀ ਕਾਨੂੰਨ ਬਣਾ ਕੇ ਕਾਰਪੋਰੇਟਾਂ ਦਾ ਪੱਖ ਪੂਰਦੇ ਰਹੇ ਹਨ। ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਦਲਾਲ ਦਾ ਬਿਆਨ ਕਿਸਾਨ ਵਿਰੋਧੀ ਮਾਨਸਿਕਤਾ ਦੀ ਉੱਘੜਵੀਂ ਮਿਸਾਲ ਹੈ। ਯੂਥ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਤੇ ਬਲਵੰਤ ਸਿੰਘ ਬਹਿਰਾਮਕੇ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਵਜ਼ਾਰਤੀ ਸਾਥੀ ਦੇ ਇਸ ਵਿਵਾਦਿਤ ਬਿਆਨ ਬਾਰੇ ਅੰਦੋਲਨਕਾਰੀ ਕਿਸਾਨਾਂ ਤੋਂ ਮੁਆਫ਼ੀ ਮੰਗਣ। ਵਿਦਿਆਰਥੀ ਆਗੂ ਵਿੱਕੀ ਨੇ ਵੀ ਜੈ ਪ੍ਰਕਾਸ਼ ਦਲਾਲ ਦੇ ਬਿਆਨ ਨੂੰ ਹੋਛਾ ਕਰਾਰ ਦਿੱਤਾ ਹੈ। ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਕਿਸਾਨਾਂ ਬਾਰੇ ਪਹਿਲਾਂ ਵੀ ਬਹੁਤ ਹੀ ਮਾੜੀ ਭਾਸ਼ਾ ਵਿੱਚ ਬਿਆਨ ਦਿੱਤੇ ਸਨ, ਜਿਸ ਤੋਂ ਸਾਫ਼ ਹੈ ਕਿ ਇਹ ਲੋਕ ਭਾਰਤੀ ਸਭਿਆਚਾਰ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਤੇ ਸਿਰਫ਼ ਦੇਸ਼ ਨੂੰ ਫਿਰਕੂ ਲੀਹਾਂ ਉਪਰ ਹੀ ਵੰਡਣਾ ਜਾਣਦੇ ਹਨ।