ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 10 ਨਵੰਬਰ
ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ 5 ਸਾਲਾ ਅਗਵਾ ਕੀਤੇ ਬੱਚੇ ਨੂੰ 4 ਘੰਟੇ ਵਿਚ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਬੱਚਾ ਚੁੱਕਣ ਵਾਲੀ ਔਰਤ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਕਪਤਾਨ ਪੁਲੀਸ (ਜਾਂਚ) ਰਾਕੇਸ਼ ਯਾਦਵ ਅਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਲੀ ਪਤਨੀ ਚੰਦਰ ਬਲੀ ਵਾਸੀ ਗੁਰੂ ਨਾਨਕ ਕਲੋਨੀ ਡਫਰ ਨੇੜੇ ਡੇਰਾਬਸੀ ਜ਼ਿਲ੍ਹਾ ਮੁਹਾਲੀ ਨੇ ਸ਼ਿਕਾਇਤ ਕੀਤੀ ਕਿ ਉਹ 5-6 ਦਿਨ ਤੋਂ ਆਪਣੀ ਭੈਣ ਪੂਜਾ ਪਤਨੀ ਸੁਨੀਲ ਵਾਸੀ ਮੰਡੋਫ਼ਲ ਰੋਡ ਸਰਹਿੰਦ ਕੋਲ ਆਪਣੇ 5 ਸਾਲਾ ਲੜਕੇ ਯਸ਼ ਨਾਲ ਆਈ ਹੋਈ ਸੀ। ਉਸ ਦੀ ਭੈਣ ਕੋਲ 4 ਬੱਚੇ ਹਨ। ਉਸ ਦਾ ਪੁੱਤਰ ਯਸ਼ ਅਤੇ ਉਸ ਦੀ ਭੈਣ ਦੇ ਚਾਰੇ ਬੱਚੇ ਗੁਰਦੁਆਰੇ ਲੰਗਰ ਛਕਣ ਚਲੇ ਗਏ। ਜਦੋਂ ਕਾਫ਼ੀ ਦੇਰ ਵਾਪਸ ਨਾ ਆਏ ਤਾਂ ਉਹ ਆਪਣੀ ਭੈਣ ਸਣੇ ਬੱਚਿਆਂ ਨੂੰ ਲੱਭਣ ਲਈ ਗੁਰਦੁਆਰੇ ਚਲੇ ਗਈ। ਖੰਡਾ ਚੌਕ ਕੋਲ ਉਸ ਦੀ ਭੈਣ ਪੂਜਾ ਦੇ ਚਾਰ ਬੱਚੇ ਰਸਤੇ ਵਿੱਚ ਮਿਲ ਗਏ ਪਰ ਯਸ਼ ਨਹੀਂ ਸੀ। ਉਸ ਦੀ ਭੈਣ ਦੀ 8 ਸਾਲਾ ਧੀ ਨੇ ਦੱਸਿਆ ਕਿ ਯਸ ਨੂੰ ਇਕ ਪੀਲੇ ਕੱਪੜਿਆਂ ਵਾਲੀ ਔਰਤ ਨਵੇਂ ਕੱਪੜੇ ਦਿਵਾਉਣ ਲਈ ਨਾਲ ਲੈ ਗਈ। ਜਾਂਚ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਔਰਤ ਯਸ਼ ਨੂੰ ਥਰੀਵੀਲਰ ਵਿੱਚ ਬਿਠਾ ਕੇ ਲੈ ਗਈ। ਉਧਰ, ਪੁਲੀਸ ਨੇ ਅਣਪਛਾਤੀ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸਹਾਇਕ ਥਾਣੇਦਾਰ ਤਿਲਕ ਰਾਜ ਨੇ ਪੁਲੀਸ ਪਾਰਟੀ ਸਣੇ ਕਾਰਵਾਈ ਕਰਦਿਆਂ ਬੱਚੇ ਨੂੰ ਪਿੰਡ ਰੁੜਕੀ ਤੋਂ ਬਰਾਮਦ ਕਰ ਲਿਆ ਅਤੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਔਰਤ ਦੀ ਪਛਾਣ ਜੋਤੀ ਕੌਰ ਪਤਨੀ ਰਜੀਵ ਵਾਸੀ ਪ੍ਰੀਤਮਪੁਰਾ ਦਿੱਲੀ ਵਜੋਂ ਹੋਈ। ਜੋਤੀ ਕੌਰ ਆਪਣੇ ਪੇਕੇ ਪਰਿਵਾਰ ਪਿੰਡ ਰੁੜਕੀ ਰਹਿੰਦੀ ਹੈ। ਅਦਾਲਤ ਨੇ ਮੁਲਜ਼ਮ ਔਰਤ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।