ਅਬੋਹਰ: ਪਿੰਡ ਰਾਜਾਂਵਾਲੀ ਵਿਚ ਲੰਘੀ ਰਾਤ ਗੁਆਂਢੀਆਂ ਵੱਲੋਂ ਇਕ ਬਜ਼ੁਰਗ ਦੀ ਕਥਿਤ ਤੌਰ ’ਤੇ ਡਾਂਗਾਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਰਾਜਾਂਵਾਲੀ ਵਾਸੀ ਜਰਨੈਲ ਸਿੰਘ (60) ਪੁੱਤਰ ਬੱਗਾ ਸਿੰਘ ਦੇ ਪੁੱਤਰ ਰਾਜੂ ਨੇ ਦੋਸ਼ ਲਾਇਆ ਕਿ ਉਸ ਦਾ ਪਿਤਾ ਰਾਤ ਨੂੰ ਛੱਤ ’ਤੇ ਸੌਂ ਰਿਹਾ ਸੀ। ਦੇਰ ਰਾਤ ਉਸ ਦੀ ਭੈਣ ਅਤੇ ਪਤਨੀ ਨੇ ਦੇਖਿਆ ਕਿ ਉਸ ਦੇ ਪਿਤਾ ਨੂੰ ਗੁਆਂਢੀ ਰਾਕੇਸ਼ ਅਤੇ ਕੁਝ ਲੋਕ ਡਾਂਗਾਂ ਨਾਲ ਕੁੱਟ ਰਹੇ ਸਨ। ਇਸ ਤੋਂ ਬਾਅਦ ਗੁਆਂਢੀ ਨੇ ਹੀ ਪੁਲੀਸ ਨੂੰ ਸੂਚਿਤ ਕੀਤਾ ਕਿ ਜਰਨੈਲ ਸਿੰਘ ਉਨ੍ਹਾਂ ਦੇ ਘਰ ਵੜ ਗਿਆ ਹੈ। ਪੁਲੀਸ ਨੇ ਆ ਕੇ ਬਜ਼ੁਰਗ ਨੂੰ ਪਰਿਵਾਰ ਹਵਾਲੇ ਕੀਤਾ ਤੇ ਹਸਪਤਾਲ ਲਿਜਾਣ ਲਈ ਕਿਹਾ ਪਰ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਨਹੀਂ ਲੈ ਕੇ ਗਏ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਰਾਜੂ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਇਹ ਨਹੀਂ ਪਤਾ ਕਿ ਉਸ ਦਾ ਪਿਤਾ ਗੁਆਂਢੀਆਂ ਦੇ ਘਰ ਕਿਵੇਂ ਚਲਾ ਗਿਆ। -ਪੱਤਰ ਪ੍ਰੇਰਕ