ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਨਵੰਬਰ
ਇੱਥੇ ਬਾਘਾਪੁਰਾਣਾ ਵਿੱਚ ਅਣਖ ਖ਼ਾਤਰ ਨੌਜਵਾਨ ਦੀ ਤੇਜ਼ਧਾਰਾਂ ਨਾਲ ਹੱਤਿਆ ਕਰ ਦਿੱਤੀ ਗਈ। ਡੀਐੱਸਪੀ ਬਾਘਾਪੁਰਾਣਾ ਦਿਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਪਿਤਾ ਨਿਰਭੈ ਸਿੰਘ ਦੇ ਬਿਆਨ ’ਤੇ ਲੜਕੀ ਦੇ ਭਰਾ ਤਰਸੇਮ ਲਾਲ ਉਰਫ਼ ਚਿੱਟੀ, ਚਚੇਰੇ ਭਰਾ ਅਰਜਨ ਦਾਸ ਉਰਫ਼ ਮੋਦੂ, ਘੁੱਗਾ, ਗੌਰਵ ਵਾਸੀ ਬਾਘਾਪੁਰਾਣਾ ਤੇ ਅਕਾਸ਼ਦੀਪ ਉਰਫ਼ ਦੀਪ ਵਾਸੀ ਸਮਾਧਭਾਈ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਮਨਪ੍ਰੀਤ (23) ਨੇ ਕਰੀਬ ਸੱਤ ਮਹੀਨੇ ਪਹਿਲਾਂ ਆਪਣੀ ਹੀ ਗਲੀ ਵਿੱਚ ਰਹਿਣ ਵਾਲੀ ਲੜਕੀ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਉਹ ਦਸੂਹਾ (ਹੁਸ਼ਿਆਰਪੁਰ) ਵਿੱਚ ਸੀਮਿੰਟ ਦੀ ਦੁਕਾਨ ਕਰਨ ਲੱਗ ਪਿਆ। ਐੱਫ਼ਆਈਆਰ ਮੁਤਾਬਕ ਮੁਲਜ਼ਮ ਅਰਜਨ ਦਾਸ ਉਰਫ਼ ਮੋਦੂ ਦੇ ਦਾਦਾ ਬਰਖਾ ਸਿੰਘ ਦੀ 15 ਨਵੰਬਰ ਨੂੰ ਮੌਤ ਹੋ ਗਈ ਸੀ। ਸਸਕਾਰ ਵਿੱਚ ਮ੍ਰਿਤਕ ਨੌਜਵਾਨ ਦਾ ਪਿਤਾ ਨਿਰਭੈ ਸਿੰਘ ਵੀ ਗਿਆ ਸੀ, ਜਿੱਥੇ ਮੁਲਜ਼ਮ ਅਰਜਨ ਦਾਸ ਉਰਫ਼ ਮੋਦੂ ਨੇ ਉਸ ਦੀ ਬੇਇੱਜ਼ਤੀ ਕਰ ਦਿੱਤੀ। ਮਨਪ੍ਰੀਤ ਸ਼ਨਿਚਰਵਾਰ ਨੂੰ ਇੱਥੇ ਆਇਆ ਹੋਇਆ ਸੀ ਜਿਸ ਦੌਰਾਨ ਉਸ ਨੂੰ ਪਿਤਾ ਦੀ ਬੇਇੱਜ਼ਤੀ ਦਾ ਪਤਾ ਲੱਗ ਗਿਆ। ਉਹ ਸ਼ਨਿਚਰਵਾਰ ਦੀ ਸ਼ਾਮ ਕਿਸੇ ਕੰਮ ਲਈ ਬਾਜ਼ਾਰ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਮਨਪ੍ਰੀਤ ਹਮਲਾਵਰਾਂ ਤੋਂ ਬਚਣ ਲਈ ਭੱਜਿਆ ਪਰ ਹਮਲਾਵਰਾਂ ਨੇ ਉਸ ਨੂੰ ਫਿਰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਥਾਣਾ ਬਾਘਾਪੁਰਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।