ਰੂਪਨਗਰ: ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਪੂਰੇ ਦੇਸ਼ ਦੇ ਭੱਠਾ ਮਾਲਕਾਂ ਵੱਲੋਂ ਆਲ ਇੰਡੀਆ ਬਰਿੱਕ ਐਂਡ ਟਾਇਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸੱਦੇ ’ਤੇ ਪਹਿਲੀ ਜੂਨ ਤੋਂ ਅਣਮਿੱਥੇ ਸਮੇਂ ਲਈ ਭੱਠੇ ਬੰਦ ਕੀਤੇ ਜਾਣਗੇ ਅਤੇ ਉਦੋਂ ਤੱਕ ਭੱਠਿਆਂ ਨੂੰ ਮੁੜ ਚਾਲੂ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਕੇਂਦਰ ਸਰਕਾਰ ਕੋਲੇ ਦਾ ਕਾਰੋਬਾਰ ਸਰਕਾਰੀ ਕੰਟਰੋਲ ਅਧੀਨ ਨਹੀਂ ਕਰ ਲੈਂਦੀ। ਇਹ ਜਾਣਕਾਰੀ ਇੱਟ ਭੱਠਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹੜਤਾਲ ’ਚ ਪੰਜਾਬ ਦੇ ਭੱਠਾ ਮਾਲਕ ਵੀ ਸ਼ਾਮਲ ਹੋਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਪੂੰਜੀਪਤੀ ਘਰਾਣਿਆਂ ਨੇ ਪਹਿਲਾਂ ਦੇਸ਼ ਦੇ ਕੋਲੇ ਦੇ ਕਾਰੋਬਾਰ ’ਤੇ ਕਬਜ਼ਾ ਕੀਤਾ ਤੇ ਕੁਝ ਦਿਨ ਪਹਿਲਾਂ ਨਾਮੀ ਸੀਮਿੰਟ ਕੰਪਨੀਆਂ ਵੀ ਖਰੀਦ ਲਈਆਂ ਅਤੇ ਹੁਣ ਇਨ੍ਹਾਂ ਦੀ ਅੱਖ ਇੱਟਾਂ ਦੇ ਭੱਠਾ ਉਦਯੋਗ ’ਤੇ ਹੈ। -ਪੱਤਰ ਪ੍ਰੇਰਕ