ਪੱਤਰ ਪ੍ਰੇਰਕ
ਬਠਿੰਡਾ, 7 ਜਨਵਰੀ
ਇੱਥੇ ਰੇਲਵੇ ਸਟੇਸ਼ਨ ’ਤੇ ਲੁਟੇਰਿਆਂ ਨੇ ਦੋ ਕਿੰਨੂ ਵਪਾਰੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਇੱਕ ਦੀ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਗੰਭੀਰ ਹੈ। ਬੀਤੀ ਰਾਤ ਜੀਆਰਪੀ ਪੁਲੀਸ ਨੇ ਬਠਿੰਡਾ ਜੰਕਸ਼ਨ ’ਤੇ ਮਾਲ ਗੋਦਾਮ ਨੇੜੇ ਜ਼ਖ਼ਮੀ ਹਾਲਤ ’ਚ ਮਿਲੇ ਦੋ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਸੁਰੇਸ਼ ਸਾਹਨੀ (45) ਵਾਸੀ ਮੁਜ਼ੱਫਰਪੁਰ ਬਿਹਾਰ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੇ ਸਾਥੀ ਅਜੈ ਯਾਦਵ ਵਾਸੀ ਜੰਪਰਾਜ ਦਾਰਜੀਲਿੰਗ ਪੱਛਮੀ ਬੰਗਾਲ ਦੀ ਹਾਲਤ ਗੰਭੀਰ ਹੈ। ਅਜੈ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਜਾਣ ਲਈ ਗੱਡੀ ਦੀ ਉਡੀਕ ਕਰ ਰਹੇ ਸਨ ਕਿ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ 20 ਹਜ਼ਾਰ ਰੁਪਏ ਨਗਦ, ਮੋਬਾਈਲ ਅਤੇ ਕੱਪੜਿਆਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਥਾਣਾ ਜੀਆਰਪੀ ਦੇ ਮੁਖੀ ਜਸਵਿੰਦਰ ਸਿੰਘ ਬਾਠ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।