ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 13 ਨਵੰਬਰ
ਦਿੱਲੀ ਮੋਰਚੇ ਦੀ ਸ਼ਹੀਦ ਮਾਤਾ ਮਹਿੰਦਰ ਕੌਰ ਦਾ ਦਸ ਦਿਨ ਪਿੱਛੋਂ ਬੀਤੀ ਦੇਰ ਸ਼ਾਮ ਪਿੰਡ ਹਿੰਮਤਪੁਰਾ ਵਿੱਚ ਸਸਕਾਰ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਾ ਦੇਣ ’ਤੇ ਬੀਕੇਯੂ ਏਕਤਾ (ਉਗਰਾਹਾਂ) ਦੀ ਕਾਰਕੁਨ ਮਾਤਾ ਮਹਿੰਦਰ ਕੌਰ ਦੀ ਦੇਹ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਸੰਭਾਲਿਆ ਹੋਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਹੋਰਨਾਂ ਸ਼ਹੀਦ ਕਿਸਾਨਾਂ ਵਾਂਗ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ। ਮਹਿਲਾ ਕਿਸਾਨ ਆਗੂ ਚਰਨਜੀਤ ਕੌਰ ਹਿੰਮਤਪੁਰਾ ਅਤੇ ਕਰਮਜੀਤ ਕੌਰ ਸੋਹੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਯੂਨੀਅਨ ਦਾ ਝੰਡਾ ਪਾ ਕੇ ਸ਼ਹੀਦ ਮਾਤਾ ਮਹਿੰਦਰ ਕੌਰ ਨੂੰ ਸਜਦਾ ਕਰਦਿਆਂ ਜੋਸ਼ੀਲੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।