ਜਸਵੰਤ ਜੱਸ
ਫਰੀਦਕੋਟ, 18 ਮਾਰਚ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ ਅਤੇ ਸੂਬਾਈ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਆਖਿਆ ਕਿ 21 ਮਾਰਚ ਨੂੰ ਬਾਘਾਪੁਰਾਣਾ ਦੀ ਅਨਾਜ ਮੰਡੀ ਵਿੱਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਵਿੱਚ ਪੰਜਾਬ ਸਰਕਾਰ ਅੜਿੱਕੇ ਡਾਹ ਰਹੀ ਹੈ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਸੂਬੇ ਲਈ ਕੁਝ ਵੀ ਨਹੀਂ ਕੀਤਾ ਜਿਸ ਕਰਕੇ ਸੂਬੇ ਦੇ ਲੋਕ ਕਾਂਗਰਸ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਘਾਪੁਰਾਣਾ ਦੀ ਮਹਾ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਨਗੇ ਅਤੇ ਕੇਜਰੀਵਾਲ ਦੀ ਫੇਰੀ ਤੋਂ ਪੰਜਾਬ ਸਰਕਾਰ ਬੁਖਲਾਈ ਹੋਈ ਹੈ। ਵਿਧਾਇਕ ਬਲਦੇਵ ਸਿੰਘ ਤਖਾਣਬੱਧ ਨੇ ਕਿਹਾ ਕਿ ਇਸ ਮਹਾਂ ਪੰਚਾਇਤ ਦੇ ਪ੍ਰਚਾਰ ਲਈ ‘ਆਪ’ ਦੀ ਲੀਡਰਸ਼ਿਪ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਪ੍ਰਚਾਰ ਕੀਤਾ ਅਤੇ ਉਨ੍ਹਾਂ ਨੂੰ ਜੋ ਹੁੰਗਾਰਾ ਮਿਲਿਆ ਹੈ, ਉਸ ਤੋਂ ਪੰਜਾਬ ਸਰਕਾਰ ਅਤੇ ਅਕਾਲੀ ਦਲ ਚਿੰਤਤ ਹੈ ਅਤੇ ਇਸ ਮਹਾਪੰਚਾਇਤ ਖ਼ਿਲਾਫ਼ ਪਿੰਡਾਂ ਵਿੱਚ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ‘ਆਪ’ ਦੇ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਲੰਬੀ ਮੁਸ਼ੱਕਤ ਤੋਂ ਬਾਅਦ 21 ਮਾਰਚ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਲਈ ਪ੍ਰਸ਼ਾਸਨ ਤੋਂ ਲੋੜੀਂਦੀਆਂ ਮਨਜ਼ੂਰੀਆਂ ਲਿਖਤੀ ਰੂਪ ਵਿੱਚ ਹਾਸਲ ਕੀਤੀਆਂ ਹਨ ਅਤੇ ਇਸ ਮਹਾ ਪੰਚਾਇਤ ਨੂੰ ਇਤਿਹਾਸਕ ਬਣਾਉਣ ਲਈ ਪਾਰਟੀ ਵਰਕਰ ਦਿਨ ਰਾਤ ਕੰਮ ਕਰ ਰਹੇ ਹਨ।
ਸਿਆਸੀ ਪਾਰਟੀਆਂ ਮਾਲਵੇ ਨੂੰ ਰਣਭੂਮੀ ਬਣਾਉਣ ਲੱਗੀਆਂ
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਸਬੰਧੀ ਸੂਬੇ ਦੀਆਂ ਸਮੁੱਚੀਆਂ ਰਾਜਨੀਤਕ ਪਾਰਟੀਆਂ ਨੇ ਮਾਲਵੇ ਦੀ ਧਰਤੀ ’ਤੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਪੱਖ ਤੋਂ ਪੱਛੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 5 ਦਿਨ ਪਹਿਲਾਂ ਜਲਾਲਾਬਾਦ ਤੋਂ ਆਗਾਮੀ ਵਿਧਾਨ ਸਭਾ ਲਈ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਚੁੱਕੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਹਾਸ਼ੀਏ ਉੱਤੇ ਗਈ ਆਮ ਆਦਮੀ ਪਾਰਟੀ ਆਪਣੀ ਸਾਖ ਮੁੜ ਬਹਾਲ ਕਰਨ ਲਈ 21 ਮਾਰਚ ਨੂੰ ਬਾਘਾਪੁਰਾਣਾ ਵਿੱਚ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਨਾਮ ’ਤੇ ਕਿਸਾਨ ਮਹਾਸੰਮੇਲਨ ਦੀ ਆੜ ਵਿੱਚ ਪਾਰਟੀ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਲਵੇ ਦੀ ਧਰਤੀ ਤੋਂ ਤੀਜੇ ਸਿਆਸੀ ਬਦਲ ਦਾ ਸੱਦਾ ਦੇਣ ਪੁੱਜ ਰਹੇ ਹਨ।