ਚਰਨਜੀਤ ਭੁੱਲਰ
ਚੰਡੀਗੜ੍ਹ, 16 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਜਾਰੀ ਆਰਡੀਨੈਂਸਾਂ ਖਿਲਾਫ਼ ਜਨ ਅੰਦੋਲਨ ਦੀ ਰਣਨੀਤੀ ਉਲੀਕ ਦਿੱਤੀ ਹੈ, ਜਿਸ ਦੀ ਸ਼ੁਰੂਆਤ 19 ਜੂਨ ਨੂੰ ਫਤਹਿਗੜ੍ਹ ਸਾਹਿਬ ਤੋਂ ਹੋਵੇਗੀ। ਉਸ ਮਗਰੋਂ ਪੰਜਾਬ ਭਰ ’ਚ ਜ਼ਿਲ੍ਹਾ ਪੱਧਰੀ ਲਘੂ ਸਮਾਗਮ ਹੋਣਗੇ। ਪੰਜਾਬ ਦੇ ਕਿਸਾਨ ਇਸ ਵੇਲੇ ਝੋਨੇ ਦੀ ਲੁਆਈ ਵਿੱਚ ਉਲਝੇ ਹੋਏ ਹਨ, ਪਰ ਕਾਂਗਰਸ ਨੇ ਵਿਰੋਧੀਆਂ ’ਤੇ ਹੱਲਾ ਬੋਲਣ ਲਈ ਫੌਰੀ ਮੈਦਾਨ ਵਿੱਚ ਉਤਰਨ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਜਨ ਅੰਦੋਲਨ ਦਾ ਹਿੱਸਾ ਨਹੀਂ ਬਣਨਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਪੰਜਾਬ ਭਵਨ ਵਿੱਚ ਪਾਰਟੀ ਦੇ ਵਜ਼ੀਰਾਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੋਂ ਇਲਾਵਾ ਅਹੁਦੇਦਾਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਨ ਅੰਦੋਲਨ ਦਾ ਖਾਕਾ ਤਿਆਰ ਕੀਤਾ। ਜਾਖੜ ਨੇ ਕਿਹਾ ਕਿ ਕੇਂਦਰ ਦੇ ਇਹ ਤਰਮੀਮੀ ਕਾਨੂੰਨ ਖੇਤੀ ਦੀ ਤਾਲਾਬੰਦੀ ਵਾਲੇ ਹਨ, ਜੋ ਕਿਸਾਨੀ ਲਈ ਮਾਰੂ ਬਣਨਗੇ। ਕਾਂਗਰਸ ਇਨ੍ਹਾਂ ਕਾਨੂੰਨਾਂ ਖਿਲਾਫ਼ ਪਿੰਡ ਪਿੰਡ ਜਾਏਗੀ। ਮੀਟਿੰਗ ਵਿਚ ਫੈਸਲਾ ਹੋਇਆ ਕਿ ਜਿਉਂ ਹੀ ਕੋਵਿਡ-19 ਦੇ ਮੱਦੇਨਜ਼ਰ ਪ੍ਰਵਾਨਗੀ ਮਿਲੀ ਤਾਂ ਪੰਜਾਬ ਦੇ ਵਿਧਾਇਕ ਦਿੱਲੀ ਦੇ ਪੰਜਾਬ ਭਵਨ ਤੋਂ ਪ੍ਰਧਾਨ ਮੰਤਰੀ ਨਿਵਾਸ ਤੱਕ ਰੋਸ ਮਾਰਚ ਕਰਨਗੇ। ਮੀਟਿੰਗ ਵਿਚ ਤੈਅ ਹੋਇਆ ਕਿ 19 ਜੂਨ ਨੂੰ ਫਤਹਿਗੜ੍ਹ ਸਾਹਿਬ ਵਿੱਚ ਜਨ ਅੰਦੋਲਨ ਦੇ ਆਗਾਜ਼ ਮਗਰੋਂ ਪਾਰਟੀ ਜ਼ਿਲ੍ਹਾ ਪੱਧਰ ’ਤੇ ਲਘੂ ਸਮਾਗਮ ਵਿੱਢੇਗੀ, ਜਿਨ੍ਹਾਂ ਵਿਚ ਜ਼ਿਲ੍ਹੇ ਦੇ ਵਿਧਾਇਕ, ਜ਼ਿਲ੍ਹਾ ਅਹੁਦੇਦਾਰ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਮੈਂਬਰਾਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ ਸ਼ਮੂਲੀਅਤ ਕਰਨਗੇ। ਇਨ੍ਹਾਂ ਸਮਾਗਮਾਂ ਵਿੱਚ ਕੇਂਦਰ ਦੇ ਮਾਰੂ ਕਾਨੂੰਨਾਂ ਤੋਂ ਜਾਣੂ ਕਰਵਾਇਆ ਜਾਵੇਗਾ। ਅੱਗੇ ਵਿਧਾਇਕ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਦਿ ਪਿੰਡਾਂ ਵਿਚ ਕਿਸਾਨਾਂ ਨੂੰ ਇਨ੍ਹਾਂ ਤਰਮੀਮਾਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣਗੇ।
ਜਾਖੜ ਨੇ ਕਿਹਾ ਕਾਂਗਰਸ ਇਸ ਮਾਮਲੇ ’ਤੇ ਕੇਂਦਰ ਦੀ ਨੀਤੀ ਤੇ ਨੀਅਤ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਚੁੱਪ ਤੋਂ ਕਿਸਾਨਾਂ ਨੂੰ ਜਾਣੂ ਕਰਵਾਏਗੀ। ਉਨ੍ਹਾਂ ਕਿਹਾ ਕਿ ਇਕੱਲਾ ਕਿਸਾਨ ਨਹੀਂ ਬਲਕਿ ਇਸ ਨਾਲ ਆੜ੍ਹਤੀਏ, ਟਰਾਂਸਪੋਰਟਰ, ਮਜ਼ਦੂਰ ਅਤੇ ਹੋਰ ਧਿਰਾਂ ਵੀ ਪ੍ਰਭਾਵਿਤ ਹੋਣਗੀਆਂ। ਮੀਟਿੰਗ ‘ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਐਮਪੀ ਅਮਰ ਸਿੰਘ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾਹੜਾ, ਦਰਸ਼ਨ ਸਿੰਘ ਬਰਾੜ, ਧਰਮਵੀਰ ਅਗਨੀਹੋਤਰੀ, ਦਵਿੰਦਰ ਸਿੰਘ ਘੁਬਾਇਆ, ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ।
‘ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਸੱਦਣ’
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ 19 ਜੂਨ ਨੂੰ ਫਤਹਿਗੜ੍ਹ ਸਮਾਗਮ ਮਗਰੋਂ ਮਿਲਣਗੇ ਅਤੇ ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਸੱਦਣ ਬਾਰੇ ਕਹਿਣਗੇ ਤਾਂ ਕਿ ਸਾਰੇ ਮਿਲ ਕੇ ਪ੍ਰਧਾਨ ਮੰਤਰੀ ਕੋਲ ਜਾਣ। ਇਸ ਮੌਕੇ ਪਾਰਟੀ ਦੇ ਨਵੇਂ ਢਾਂਚੇ ਦਾ ਖਾਕਾ ਵੀ ਤਿਆਰ ਕੀਤਾ ਜਾਵੇਗਾ। ਹਾਈਕਮਾਨ ਦੀ ਪ੍ਰਵਾਨਗੀ ਮਗਰੋਂ ਢਾਂਚੇ ਐਲਾਨ ਦਿੱਤਾ ਜਾਵੇਗਾ।