ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 12 ਜਨਵਰੀ
ਦਿੱਲੀ ਧਰਨੇ ਵਿੱਚ ਬੀਤੇ ਦਿਨ ਸ਼ਹੀਦ ਹੋਏ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ ਸਿੰਘ ਨੰਬਰਦਾਰ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਅਮਨਦੀਪ ਸਿੰਘ ਅਤੇ ਸ਼ਮਿੰਦਰ ਸਿੰਘ ਨੇ ਦਿੱਤੀ। ਇਸ ਮੌਕੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਗੂੰਜੇ। ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਜੱਸੇਆਣਾ ਨੇ ਕਿਸਾਨ ਦੀ ਦੇਹ ’ਤੇ ਯੂਨੀਅਨ ਦਾ ਝੰਡਾ ਪਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸ਼ਹੀਦੀ ਅਜਾਈਂ ਨਹੀਂ ਜਾਵੇਗੀ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਦਿੱਲੀ ਦੀ ਸਿੰਘੂ ਹੱਦ ’ਤੇ ਕਿਸਾਨਾਂ ਲਈ ਰਾਸ਼ਨ ਲੈ ਕੇ ਗਏ ਪਿੰਡ ਡਰੋਲੀ ਕਲਾਂ ਦੇ ਪੰਚ ਸਤਨਾਮ ਸਿੰਘ ਘੋਲਾ ਪੁੱਤਰ ਮਰਹੂਮ ਪ੍ਰੀਤਮ ਸਿੰਘ ਦੀ ਠੰਢ ਲੱਗਣ ਕਾਰਨ ਸਿਹਤ ਖ਼ਰਾਬ ਹੋਣ ਕਰਕੇ ਗ੍ਰੇਸ਼ੀਅਨ ਹਸਪਤਾਲ ਮੁਹਾਲੀ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਦਾ ਅੱਜ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਰੀਬ 12 ਵਜੇ ਪਿੰਡ ਦੇ ਸਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਸ਼ਹੀਦ ਸਤਨਾਮ ਸਿੰਘ ਨਮਿਤ ਅੰਤਿਮ ਅਰਦਾਸ 15 ਜਨਵਰੀ ਨੂੰ ਪਿੰਡ ਡਰੋਲੀ ਕਲਾਂ ਦੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਵਿੱਚ ਕੀਤੀ ਜਾਵੇਗੀ।
ਮਹਿਲ ਕਲਾਂ (ਨਵਕਿਰਨ ਸਿੰਘ): ਦਿੱਲੀ ਕਿਸਾਨ ਮੋਰਚੇ ਤੋਂ ਪਰਤਦੇ ਸਮੇਂ ਬੀਤੇ ਦਿਨ ਪਿੰਡ ਸਹਿਜੜਾ ਦੇ ਕਿਸਾਨ ਰਾਮਪਾਲ ਸਿੰਘ (58) ਦੀ ਅਚਾਨਕ ਮੌਤ ਹੋ ਗਈ ਸੀ। ਅੱਜ ਦੇਰ ਸ਼ਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਤੇ ਬਾਕੀ ਮੰਗਾਂ ਜਲਦੀ ਮੰਨਣ ਦਾ ਭਰੋਸਾ ਦਿੱਤਾ, ਜਿਸ ਉਪਰੰਤ ਕਿਸਾਨ ਜਥੇਬੰਦੀ ਵੱਲੋਂ ਮ੍ਰਿਤਕ ਕਿਸਾਨ ਦਾ ਭਲਕੇ ਬੁੱਧਵਾਰ ਨੂੰ ਪਿੰਡ ਸਹਿਜੜਾ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਕਿਸਾਨ ਸੁਰਜੀਤ ਸਿੰਘ ਲਦਾਲ ਨਮਿਤ ਸ਼ਰਧਾਂਜਲੀ ਸਮਾਗਮ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਨੇੜਲੇ ਪਿੰਡ ਲਦਾਲ ’ਚ ਦਿੱਲੀ ਦੇ ਟੀਕਰੀ ਬਾਰਡਰ ’ਚ ਕਿਸਾਨ ਅੰਦੋਲਨ ਦੀ ਭੇਟ ਚੜ੍ਹੇ ਕਿਸਾਨ ਸੁਰਜੀਤ ਸਿੰੰਘ (62) ਪੁੱਤਰ ਦਲੀਪ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਕੋਈ ਵੀ ਸਿਆਸੀ ਆਗੂ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪੁੱਜਿਆ ਪਰ ਸਬ ਡਵੀਜਨ ਦੀ ਪੁਲੀਸ ਹਾਜ਼ਰ ਸੀ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ, ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਅਤੇ ਬਹਾਦਰ ਸਿੰਘ ਨੇ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਦਿੱਲੀ ਧਰਨੇ ’ਚ 2 ਜਨਵਰੀ ਨੂੰ ਸੁਰਜੀਤ ਸਿੰਘ ਦੀ ਜ਼ਹਿਰੀਲੀ ਚੀਜ਼ ਲੜਣ ਕਰਕੇ ਟੋਹਾਣਾ ਦੇ ਇੱਕ ਹਸਪਤਾਲ ’ਚ ਮੌਤ ਹੋ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਪੰਜ ਲੱਖ ਦਾ ਚੈੱਕ ਦੇਣ ਮਗਰੋਂ 5 ਜਨਵਰੀ ਨੂੰ ਸਸਕਾਰ ਕੀਤਾ ਸੀ।