ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 20 ਅਗਸਤ
ਲੁਧਿਆਣਾ-ਸ੍ਰੀ ਗੰਗਾਨਗਰ ਰਾਜ ਮਾਰਗ ਨੰਬਰ-15 ’ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਧਰਨਾ ਲਗਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੋਫ਼ਾੜ ਹੋ ਗਈ ਹੈ। ਇਸ ਵਿਚੋਂ ਕਈ ਕਾਰਕੁਨਾਂ ਨੇ ਵੱਖਰੇ ਹੋ ਕੇ ਆਪਣੀ ਨਵੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਫ਼ਤਹਿ) ਬਣਾ ਲਈ ਹੈ। ਇਨ੍ਹਾਂ ਕਾਰਕੁਨਾਂ ਨੇ ਯੂਨੀਅਨ ਡਕੌਂਦਾ ’ਤੇ ਫੰਡਾਂ ਵਿਚ ਘਪਲੇਬਾਜ਼ੀ ਦੇ ਦੋਸ਼ ਲਾਏ ਹਨ। ਫ਼ਤਹਿ ਯੂਨੀਅਨ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬੀਕੇਯੂ ਏਕਤਾ ਡਕੌਂਦਾ ਵਿਚ ਫੰਡਾਂ ਦੀ ਘਪਲੇਬਾਜ਼ੀ ਕਾਰਨ ਉਨ੍ਹਾਂ ਨੇ ਡਕੌਂਦਾ ਛੱਡ ਕੇ ਫ਼ਤਹਿ ਯੂਨੀਅਨ ਦਾ ਗਠਨ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਕਦਮ ਦਾ ਕਿਸਾਨੀ ਸੰਘਰਸ਼ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਉਹ ਹੀ ਡਕੌਂਦਾ ਯੂਨੀਅਨ ਵਿਚ ਧਰਨਾ ਲਾਉਣ ਵਾਲੇ ਸਨ। ਜੇ ਹੁਣ ਡਕੌਂਦਾ ਯੂਨੀਅਨ ਇੱਥੇ ਆਪਣਾ ਧਰਨਾ ਲਾਉਣਾ ਚਾਹੁੰਦਾ ਹੈ ਤਾਂ ਫ਼ਤਹਿ ਯੂਨੀਅਨ ਦੇ ਧਰਨੇ ਤੋਂ ਥੋੜ੍ਹਾ ਹਟ ਕੇ ਲਗਾ ਸਕਦੀ ਹੈ। ਦੂਜੇ ਪਾਸੇ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਨੇ ਆਖਿਆ ਕਿ ਜਥੇਬੰਦੀ ਵੱਲੋਂ ਆਪਹੁਦਰੀਆਂ ਕਰਨ ਵਾਲਿਆਂ ਨੂੰ ਕੁਝ ਸਮੇਂ ਲਈ ਜਥੇਬੰਦੀ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਮਗਰੋਂ ਉਨ੍ਹਾਂ ਨੇ ਵੱਖਰੀ ਜਥੇਬੰਦੀ ਬਣਾ ਕੇ ਕਿਸਾਨੀ ਸੰਘਰਸ਼ ਨੂੰ ਢਾਹ ਲਾਈ ਹੈ। ਉਹ ਆਪਣਾ ਧਰਨਾ ਰਿਲਾਇੰਸ ਪੈਟਰੋੋਲ ਪੰਪ ’ਤੇ ਹੀ ਦੇਣਗੇ ਕਿਉਂਕਿ ਪਿਛਲੇ ਨੌਂ ਮਹੀਨੇ ਤੋਂ ਲਗਾਤਾਰ ਇਸ ਜਗ੍ਹਾਂ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਧਰਨੇ ’ਤੇ ਬੈਠੇ ਹਨ। ਉਪ ਕਪਤਾਨ ਪੁਲੀਸ ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀਂ ਦਿੱਤੀ ਜਾਵੇਗੀ।