ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਈ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅੱਜ 16 ਜ਼ਿਲ੍ਹਿਆਂ ਦੇ 1600 ਤੋਂ ਵੱਧ ਪਿੰਡਾਂ ਅਤੇ 39 ਥਾਵਾਂ ’ਤੇ ਚੱਲ ਰਹੇ ਪੱਕੇ ਧਰਨਿਆਂ ਵਿੱਚ ‘ਕਾਲਾ ਦਿਨ’ ਮਨਾਇਆ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਰ ਪਿੰਡ ਦੇ ਘਰਾਂ, ਦੁਕਾਨਾਂ ਅਤੇ ਵਾਹਨਾਂ ’ਤੇ ਕਾਲੇ ਝੰਡੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਭਾਜਪਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਇਲਾਵਾ ਸਮੂਹ ਕਿਰਤੀ, ਦੁਕਾਨਦਾਰ, ਮੁਲਾਜ਼ਮ ਅਤੇ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਖੇਤੀ ਕਾਨੂੰਨ, ਬਿਜਲੀ ਬਿੱਲ 2020, ਪਰਾਲੀ ਆਰਡੀਨੈਂਸ ਰੱਦ ਕਰਨ ਅਤੇ ਐੱਮਐੱਸਪੀ ’ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ।।
ਪਟਿਆਲਾ ’ਚ 50 ਥਾਵਾਂ ’ਤੇ ਪ੍ਰਦਰਸ਼ਨ
ਪਟਿਆਲਾ (ਸਰਬਜੀਤ ਸਿੰਘ ਭੰਗੂ): ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਦੀ ਅਗਵਾਈ ਕਰ ਰਹੇ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਅੱਜ ਕਾਲਾ ਦਿਨ ਮਨਾਉਣ ਦੇ ਦਿੱਤੇ ਸੱਦੇ ਨੂੰ ਪਟਿਆਲਾ ਜ਼ਿਲ੍ਹੇ ’ਚ ਚੰਗਾ ਹੁੰਗਾਰਾ ਮਿਲਿਆ। ਕਿਸਾਨਾਂ, ਮਜ਼ਦੂਰਾਂ, ਕਿਰਤੀ ਕਾਮਿਆਂ ਤੇ ਮੁਲਾਜ਼ਮਾਂ ਸਮੇਤ ਭਾਜਪਾ ਤੋਂ ਬਿਨਾਂ ਬਾਕੀ ਸਿਆਸੀ ਧਿਰਾਂ ਨੇ ਆਪੋ ਆਪਣੇ ਢੰਗ ਨਾਲ ਕਾਲਾ ਦਿਨ ਮਨਾਇਆ। ਕਿਸਾਨਾਂ ਨੇ ਕਰੀਬ 50 ਥਾਵਾਂ ’ਤੇ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਕਿਸਾਨਾਂ ਨੇ ਪਟਿਆਲਾ ਸ਼ਹਿਰ ਸਮੇਤ ਹੋਰ ਥਾਵਾਂ ’ਤੇ ਟਰੈਕਟਰ ਮਾਰਚ ਕੀਤੇ। ਮੋਰਚੇ ਦੇ ਪ੍ਰਮੁੱਖ ਆਗੂ ਡਾ. ਦਰਸ਼ਨਪਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਪਟਿਆਲਾ ਵਿਚਲਾ ਬੱਸ ਸਟੈਂਡ ਚੌਕ ਜਾਮ ਕੀਤਾ ਅਤੇ ਪੁਤਲੇ ਫੂਕੇ। ਇਸ ਦੌਰਾਨ ਡਾ. ਦਰਸ਼ਨਪਾਲ ਨੇ ਘੋਲ ਦੀ ਹੋਰ ਮਜ਼ਬੂਤੀ ਲਈ ‘ਦਿੱਲੀ ਚੱਲੋ’ ਦਾ ਸੱਦਾ। ਇੱਥੇ ‘ਆਪ’ ਆਗੂ ਨਾਹਰ ਸਿੰਘ ਮਾਜਰੀ ਵੀ ਸਾਥੀਆਂ ਸਮੇਤ ਸ਼ਾਮਲ ਹੋਏ। ਜਗਮੋਹਨ ਸਿੰਘ ਦੀ ਅਗਵਾਈ ਹੇਠਾਂ ਵੀ ਕਈ ਥਾਈਂ ਪ੍ਰਦਰਸ਼ਨ ਕੀਤੇ ਗਏ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਤੇ ਹੋਰਾਂ ਦੀ ਅਗਵਾਈ ਹੇਠ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਪ੍ਰਦਰਸ਼ਨ ਕੀਤਾ ਗਿਆ।