ਰਵਿੰਦਰ ਰਵੀ
ਬਰਨਾਲਾ, 18 ਜਨਵਰੀ
ਨਗਰ ਕੌਂਸਲ ਚੋਣਾਂ ਦੇ ਐਲਾਨ ਨਾਲ ਸ਼ਹਿਰੀ ਖੇਤਰਾਂ ’ਚ ਆਪਣੀ ਹੋਂਦ ਬਚਾਉਣ ਲਈ ਯਤਨਸ਼ੀਲ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਮੁਸ਼ਕੱਤ ਕਰਨੀ ਪੈ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੀਆਂ ਜਨਤਕ ਮੀਟਿੰਗਾਂ ਦੇ ਲਗਾਤਾਰ ਵਿਰੋਧ ਕਾਰਨ ਅੱਜ ਨਗਰ ਕੌਂਸਲ ਚੋਣਾਂ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਚੁੱਪ-ਚੁਪੀਤੇ ਇੱਕ ਆਗੂ ਦੇ ਘਰ ਕਰਨੀ ਪਈ। ਕਿਸਾਨ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦਿਆਂ ਪੁਲੀਸ ਪ੍ਰਸ਼ਾਸਨ ਅਤੇ ਮੀਡੀਆ ਨੂੰ ਇਸ ਮੀਟਿੰਗ ਬਾਰੇ ਭਿਣਕ ਨਹੀਂ ਲੱਗਣ ਦਿੱਤੀ ਗਈ। ਲੰਮੇ ਅਰਸੇ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਇਕ ਸੂਬਾ ਪੱਧਰੀ ਆਗੂ ਦੇ ਘਰ ਦਾ ਘਿਰਾਓ ਕਰ ਰਹੀਆਂ ਜਥੇਬੰਦੀਆਂ ਨੇ ਇਸ ਮੀਟਿੰਗ ਦੇ ਮੱਦੇਨਜ਼ਰ ਜ਼ਿਲ੍ਹਾ ਜਨਰਲ ਸਕੱਤਰ ਦੇ ਘਰ ਦਾ ਵੀ ਘਿਰਾਓ ਕੀਤਾ। ਇਸ ਲਈ ਮੀਟਿੰਗ ਦੇ ਸਥਾਨ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ, ਇੱਥੋਂ ਤਕ ਕਿ ਭਾਜਪਾ ਵਰਕਰਾਂ ਨੂੰ ਵੀ ਮੀਟਿੰਗ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੀਟਿੰਗ ਬਠਿੰਡਾ ਤੋਂ ਆਏ ਸੂਬਾ ਪੱਧਰੀ ਆਗੂ ਤੇ ਕੌਂਸਲ ਚੋਣਾਂ ਦੇ ਅਬਜ਼ਰਵਰ ਵਿਜੈ ਸਿੰਗਲਾ ਦੀ ਅਗਵਾਈ ਹੇਠ ਗਰੀਨ ਐਵਨਿਊ ਕਾਲੋਨੀ ਵਿੱਚ ਰਹਿੰਦੇ ਪੂਰਬੀ ਮੰਡਲ ਪ੍ਰਧਾਨ ਸੰਜੀਵ ਮਿੱਤਲ ਦੇ ਘਰ ਹੋਈ। ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਉੱਪਲ ਨੇ ਦੱਸਿਆ ਕਿ ਮੀਟਿੰਗ ਨਗਰ ਕੌਂਸਲ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਰੱਖੀ ਗਈ ਸੀ। ਇਹ ਵੀ ਫ਼ੈਸਲਾ ਲਿਆ ਗਿਆ ਕਿ ਸਾਰੇ ਵਾਰਡਾਂ ’ਚ ਪਾਰਟੀ ਆਪਣੇ ਚੋਣ ਨਿਸ਼ਾਨ ’ਤੇ ਉਮੀਦਵਾਰ ਉਤਾਰੇਗੀ। ਉਨ੍ਹਾਂ ਇਹ ਦਾਅਵਾ ਕੀਤਾ ਕਿ ਇਸ ਵਾਰ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਕੇ ਨਗਰ ਕੌਂਸਲ ’ਤੇ ਕਬਜ਼ਾ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਕੁਲਦੀਪ ਸਹੌਰੀਆ, ਸੋਮ ਨਾਥ, ਰਘਵੀਰ ਪ੍ਰਕਾਸ਼ ਗਰਗ, ਸੋਹਣ ਲਾਲ ਮਿੱਤਲ, ਪਰਮਿੰਦਰ ਖ਼ੁਰਮੀ ਹਾਜ਼ਰ ਸਨ।