ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਦਸੰਬਰ
ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਅੱਜ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਕੇ.ਕੇ. ਸ਼ਰਮਾ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਵਿੱਚ ਸ਼ਾਮਲ ਹੋ ਗਏ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਮਾ ਅਤੇ ਸਾਥੀਆਂ ਦਾ ਪਾਰਟੀ ਵਿੱਚ ਆਉਣ ’ਤੇ ਨਿੱਘਾ ਸਵਾਗਤ ਕੀਤਾ। ਸ੍ਰੀ ਸ਼ਰਮਾ ਦੇ ਨਾਲ ਕਾਂਗਰਸ ਛੱਡਣ ਵਾਲਿਆਂ ਵਿੱਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸ਼ੇਰ ਖਾਨ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਸ਼ਰਮਾ, ਸੂਬਾਈ ਮੈਂਬਰ ਕਿਸ਼ਨ ਲਾਲ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਵਿਨੈ ਕੁਮਾਰ, ਇੰਟਕ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸ਼ਰਮਾ, ਸੂਰਜ ਭਾਨ ਮੈਦਾ, ਕਾਂਗਰਸ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸੋਨੂੰ ਸੰਗਰ ਅਤੇ ਅਗਰਵਾਲ ਸਭਾ ਦੇ ਆਗੂ ਬਿੱਟੂ ਗੋਇਲ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਨੇ ਕੇ.ਕੇ. ਸ਼ਰਮਾ ਨੂੰ ਪੀਆਰਟੀਸੀ ਦੀ ਚੇਅਰਮੈਨੀ ਤੋਂ ਹਟਾ ਦਿੱਤਾ ਸੀ। ਕੇ.ਕੇ. ਸ਼ਰਮਾ ਪਟਿਆਲਾ ਸ਼ਹਿਰ ਵਿਚ ਚੰਗਾ ਆਧਾਰ ਰੱਖਦੇ ਹਨ। ਕਈ ਸਾਲ ਪਹਿਲਾਂ ਉਨ੍ਹਾਂ ਨੇ ਆਜ਼ਾਦ ਤੌਰ ’ਤੇ ਚੋਣ ਲੜਦਿਆਂ ਤਕਰੀਬਨ ਜੇਤੂ ਉਮੀਦਵਾਰ ਦੇ ਬਰਾਬਰ ਹੀ ਵੋਟਾਂ ਹਾਸਲ ਕੀਤੀਆਂ ਸਨ।