ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਨ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫ਼ਲ ਰਹੇ ਹਾਂ।
ਹਮੀਰ ਸਿੰਘ
ਚੰਡੀਗੜ੍ਹ, 15 ਜੁਲਾਈ
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੋਈਆਂ ਵਾਲਾ ਦੀ ਕੁਲਬੀਰ ਕੌਰ ਪ੍ਰੋਫੈਸਰ ਅਜਮੇਰ ਔਲਖ ਦੇ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਸਤਵੰਤ ਕੌਰ ਵਰਗੀ ਲਗਦੀ ਹੈ ਜੋ ਆਪਣਾ ਘਰ ਅਤੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਮੈਦਾਨ ਵਿੱਚ ਨਿੱਤਰ ਪੈਂਦੀ ਹੈ। ਪਤੀ ਦੇ ਨਸ਼ਾ ਕਰਨ ਅਤੇ ਜ਼ਮੀਨ ਵੇਚਣ ਦੀ ਸ਼ੁਰੂਆਤ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਸਮਾਜਿਕ ਅਤੇ ਕਾਨੂੰਨੀ ਜੱਦੋਜਹਿਦ ਕਰਦਿਆਂ ਰੋਕ ਦੇਣ ਦੀ ਸਮਰੱਥਾ ਰੱਖਣ ਵਾਲੀ ਅਤੇ ਅੱਗੋਂ ਨਸ਼ੇ ਖ਼ਿਲਾਫ਼ ਕਿਸੇ ਵੀ ਅੰਦੋਲਨ ਵਿੱਚ ਸਹਾਇਤਾ ਕਰਨ ਦੀ ਚਾਹਵਾਨ ਇਹ ਔਰਤ ਬਾਕੀਆਂ ਲਈ ਮਿਸਾਲ ਬਣ ਸਕਦੀ ਹੈ।
ਸਧਾਰਨ ਪੇਂਡੂ ਔਰਤ ਵਾਲੀ ਦਿੱਖ ਦੇ ਪਿੱਛੇ ਕੁਲਬੀਰ ਕੌਰ ਦੇ ਜੀਵਨ ਸੰਘਰਸ਼ ਦੀ ਗਾਥਾ ਹੈ। ਊਸ ਦਾ ਵਿਆਹ ਲਗਪਗ 17 ਸਾਲ ਪਹਿਲਾਂ ਜੋਈਆਂ ਵਾਲਾ ਪਿੰਡ ਦੇ ਖੜਕ ਸਿੰਘ ਨਾਲ ਹੋਇਆ ਸੀ। ਪਰਿਵਾਰ ਕੋਲ 16 ਕਿੱਲੇ ਪੈਲੀ ਸੀ ਅਤੇ ਗੁਜ਼ਾਰਾ ਵੀ ਵਧੀਆ ਚਲਦਾ ਰਿਹਾ। ਖ਼ੜਕ ਸਿੰਘ ਪੈਸੇ ਵੀ ਆ ਕੇ ਕੁਲਬੀਰ ਨੂੰ ਫੜਾਉਂਦਾ ਸੀ। ਪਿਛਲੇ ਲਗਪਗ ਸੱਤ ਕੁ ਸਾਲ ਤੋਂ ਖੜਕ ਸਿੰਘ ਭੁੱਕੀ ਅਤੇ ਅਫ਼ੀਮ ਦੇ ਚਸਕੇ ਉੱਤੇ ਪੈ ਗਿਆ। ਨਸ਼ੇ ਕਰਕੇ ਉਸ ਦੇ ਵਿਵਹਾਰ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਕੁਲਬੀਰ ਨੂੰ ਪੈਸਾ ਫੜਾਉਣਾ ਵੀ ਬੰਦ ਹੋ ਗਿਆ। ਗੁਜਰਾਤ ਜਾਣ ਤੋਂ ਪਿੱਛੋਂ ਨਸ਼ੇ ਦਾ ਖਰਚਾ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ। ਖਰਚੇ ਲਈ ਜ਼ਮੀਨ ਵਿਕਣੀ ਸ਼ੁਰੂ ਹੋਈ। ਕੁਲਬੀਰ ਕੌਰ ਅਨੁਸਾਰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਪਰ ਨਤੀਜਾ ਊਹੀ ਰਹਿੰਦਾ। ਕੋਈ ਵਾਹ ਨਾ ਚੱਲਦੀ ਦੇਖ ਪੰਚਾਇਤ ਬੁਲਾਈ। ਰਿਸ਼ਤੇਦਾਰਾਂ ਦੇ ਇਕੱਠ ਕੀਤੇ। ਕੁਲਬੀਰ ਨੇ ਦੱਸਿਆ ਕਿ ਊਨ੍ਹਾਂ ਦੀ ਵੱਡੀ ਧੀ 9ਵੀਂ ਤੇ ਛੋਟੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਬੇਟਾ ਤੀਸਰੀ ਜਮਾਤ ਵਿੱਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਸਹੀ ਗੱਲ ਦੇ ਬਾਵਜੂਦ ਨੂੰਹ ਨਾਲ ਖੜ੍ਹਨ ਦੀ ਬਜਾਇ ਸੱਸ ਅਤੇ ਨਣਦਾਂ ਆਮ ਤੌਰ ਉੱਤੇ ਖੜਕ ਸਿੰਘ ਵਾਲੇ ਪਾਸੇ ਹੀ ਰਹੀਆਂ। ਕੁਲਬੀਰ ਕੌਰ ਨੇ ਦੱਸਿਆ ਕਿ ਸਭ ਹੀਲੇ ਵਰਤਣ ਤੋਂ ਬਾਅਦ ਫਿਰ ਅਦਾਲਤ ਦਾ ਦਰਾਵਾਜ਼ਾ ਖੜਕਾਇਆ। ਉਸ ਨੇ ਵਿਰਾਸਤੀ ਜ਼ਮੀਨ ਉੱਤੇ ਬੱਚਿਆਂ ਦੇ ਹੱਕ ਨੂੰ ਸਾਬਤ ਕਰਨ ਅਤੇ ਇਸ ਨੂੰ ਵੇਚਣ ਉੱਤੇ ਰੋਕ ਲਗਵਾਉਣ ਲਈ ਮੁਕੱਦਮਾ ਕਰ ਦਿੱਤਾ। ਇਸ ਪਿੱਛੋਂ ਇੱਕ ਮਹੀਨੇ ਉਹ ਬੱਚਿਆਂ ਸਮੇਤ ਪੇਕੇ ਘਰ ਰਹੀ। ਫਿਰ ਕਿਸੇ ਨੇ ਸਲਾਹ ਦਿੱਤੀ ਕਿ ਇੱਥੇ ਰਹਿ ਕੇ ਨਹੀਂ ਸਹੁਰੇ ਘਰ ਜਾ ਕੇ ਹੀ ਉਸ ਦੇ ਬੱਚਿਆਂ ਦਾ ਘਰ ਸੁਰੱਖਿਅਤ ਰਹਿ ਸਕੇਗਾ। ਖੜਕ ਸਿੰਘ ਅਤੇ ਉਸ ਦੀ ਮਾਤਾ ਅਲੱਗ ਰਹਿਣ ਲੱਗ ਪਏ ਅਤੇ ਕੁਲਬੀਰ ਕੌਰ ਆਪਣੇ ਤਿੰਨਾਂ ਬੱਚਿਆਂ ਨੂੰ ਲੈ ਕੇ ਵੱਖ ਰਹਿਣ ਲੱਗ ਪਈ। ਖ਼ੜਕ ਸਿੰਘ ਬਾਹਰ ਚਲਾ ਜਾਂਦਾ ਤਾਂ ਸੱਸ ਰਿਸ਼ਤੇਦਾਰੀ ਵਿੱਚ ਕਿਤੇ ਚਲੀ ਜਾਂਦੀ। ਆਖਿਰ ਉਸ ਨੂੰ ਸਫ਼ਲਤਾ ਮਿਲੀ ਅਤੇ ਜ਼ਮੀਨ ਵੇਚਣ ਉੱਤੇ ਪਾਬੰਦੀ ਲੱਗ ਗਈ। ਹੁਣ ਉਸ ਨੂੰ ਹਿੱਸੇ ਮੁਤਾਬਿਕ ਠੇਕਾ ਵੀ ਮਿਲ ਜਾਂਦਾ ਹੈ ਜਿਸ ਨਾਲ ਬੱਚਿਆਂ ਦੀ ਦੇਖਭਾਲ ਕਰਨੀ ਆਸਾਨ ਹੋ ਗਈ ਹੈ।
ਕੁਲਬੀਰ ਕੌਰ ਨੇ ਦੱਸਿਆ ਕਿ ਕਰੋਨਾਵਾਇਰਸ ਉਸ ਦੇ ਪਰਿਵਾਰ ਦੇ ਰਾਸ ਆ ਗਿਆ ਹੈ। ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਗਿਆ। ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਖੜਕ ਸਿੰਘ ਅਤੇ ਉਸ ਦੀ ਮਾਤਾ ਕੁਲਬੀਰ ਕੌਰ, ਬੱਚਿਆਂ ਦੇ ਨਾਲ ਰਹਿਣ ਲੱਗ ਪਏ ਹਨ। ਨਸ਼ਾ ਮਿਲਣਾ ਘੱਟ ਹੋਇਆ ਜਾਂ ਉਸ ਦਾ ਕਿੰਨਾ ਕੁ ਮਨ ਬਦਲਿਆ ਇਹ ਵੱਖਰੀ ਗੱਲ ਹੈ। ਅਜੇ ਨਸ਼ਾ ਕਰਦਾ ਹੈ ਪਰ ਇੱਕ ਹੱਦ ਅੰਦਰ ਰਹਿ ਕੇ। ਉਸ ਦਾ ਇਹ ਜ਼ਰੂਰ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਤੋਂ ਨਸ਼ੇ ਖ਼ਤਮ ਕਰਨ ਲਈ ਜਨਤਕ ਅੰਦੋਲਨ ਹੋਵੇ ਅਤੇ ਔਰਤਾਂ ਨੂੰ ਇਸ ਵਿੱਚ ਸਾਥ ਦੇਣਾ ਚਾਹੀਦਾ ਹੈ