ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 19 ਅਗਸਤ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਰਾਵੀ ਦਰਿਆ ਨੇੜਲੇ ਡੇਰਾ ਬਾਬਾ ਨਾਨਕ ਅਤੇ ਰਮਦਾਸ ਨਾਲ ਲੱਗਦੇ ਸਾਂਝੇ ਪਿੰਡ ਘੋਨੇਵਾਲ, ਘਣੀਏ ਕੇ ਬੇਟ ਦਾ ਜਾਇਜ਼ਾ ਲਿਆ ਜਿੱਥੇ ਬੀਤੇ ਦਿਨੀ ਆਏ ਹੜ੍ਹ ਕਰਕੇ ਕਮਾਦ ਤੇ ਝੋਨੇ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਸਨ| ਉਨ੍ਹਾਂ ਨੇ ਉਸ ਲਿੰਕ ਸੜਕ ਦਾ ਵੀ ਜਾਇਜ਼ਾ ਲਿਆ ਜੋ ਬੀਤੇ ਦਿਨੀ ਰਾਵੀ ਦੇ ਪਾਣੀ ਕਾਰਨ ਟੁੱਟ ਗਈ ਸੀ| ਸ੍ਰੀ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀ ਰਾਵੀ ਦਰਿਆ ’ਚ ਆਏ ਹੜ੍ਹ ਕਾਰਨ ਡੇਰਾ ਬਾਬਾ ਨਾਨਕ ਇਲਾਕੇ ’ਚ ਕਰੀਬ 880 ਏਕੜ ਅਤੇ ਰਮਦਾਸ ਦੇ ਪਿੰਡ ਘੋਨੇਵਾਲ ’ਚ 500 ਏਕੜ ਫ਼ਸਲ ਬਰਬਾਦ ਹੋਈ ਹੈ। ਰਾਹਤ ਵਾਲੀ ਗੱਲ ਹੈ ਕਿ ਝੋਨੇ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਵੇਗੀ|