ਐੱਨਪੀ ਧਵਨ
ਪਠਾਨਕੋਟ, 5 ਮਾਰਚ
ਪਿੰਡ ਗੁਸਾਈਂਪੁਰ ਦਾ ਕੁਲਜਿੰਦਰ ਸਿੰਘ ਡਾਕਟਰ ਬਣਨ ਲਈ ਯੂਕਰੇਨ ਗਿਆ ਸੀ ਪਰ ਯੂਕਰੇਨ-ਰੂਸ ਵਿਚਾਲੇ ਜੰਗ ਛਿੜਨ ਬਾਅਦ ਉਸ ਨੂੰ ਘਰ ਪਰਤਣਾ ਪਿਆ। ਉਸ ਨੇ ਦੱਸਿਆ ਕਿ ਯੂਕਰੇਨ ਵਿੱਚ ਉਸ ਦੇ ਕੋਰਸ ਦੇ ਸਿਰਫ 2 ਮਹੀਨੇ ਰਹਿ ਗਏ ਸਨ। ਜੇਕਰ 2 ਮਹੀਨੇ ਹੋਰ ਪੜ੍ਹਾਈ ਹੋ ਜਾਂਦੀ ਤਾਂ ਉਸ ਨੂੰ ਡਾਕਟਰੀ ਦੀ ਡਿਗਰੀ ਮਿਲ ਜਾਣੀ ਸੀ। ਉਸ ਨੇ ਦੱਸਿਆ ਕਿ 28 ਫਰਵਰੀ ਨੂੰ ਉਸ ਸਮੇਤ ਹੋਰ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਕੱਢਿਆ ਗਿਆ। ਕੁਲਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ’ਤੇ ਤਿਰੰਗਾ ਝੰਡਾ ਲਗਾਇਆ ਗਿਆ ਸੀ, ਜਿਸ ਕਾਰਨ ਨਾ ਤਾਂ ਯੂਕਰੇਨ ਅਤੇ ਨਾ ਹੀ ਰੂਸ ਦੇ ਸੈਨਿਕਾਂ ਨੇ ਉਨ੍ਹਾਂ ਨੂੰ ਰੋਕਿਆ। 28 ਘੰਟੇ ਦੇ ਸਫ਼ਰ ਮਗਰੋਂ ਉਨ੍ਹਾਂ ਨੂੰ ਹੰਗਰੀ ਦੀ ਸਰਹੱਦ ’ਤੇ ਉਤਾਰਿਆ ਗਿਆ, ਜਿੱਥੇ ਚੈਕਿੰਗ ਮਗਰੋਂ ਉਨ੍ਹਾਂ ਸਰਹੱਦ ਪਾਰ ਜਾਣ ਦਿੱਤਾ ਗਿਆ। ਸਰਹੱਦ ਨੇੜਿਓਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਬੱਸਾਂ ਵਿੱਚ ਬਿਠਾ ਕੇ ਬੁਡਾਪੈਸਟ ਲਿਜਾਇਆ ਗਿਆ, ਜਿੱਥੇ ਇੱਕ ਹੋਟਲ ਵਿੱਚ ਠਹਿਰਾਇਆ ਗਿਆ। ਫਿਰ ਹਵਾਈ ਅੱਡੇ ’ਤੇ ਲਿਜਾਇਆ ਗਿਆ ਅਤੇ ਉਥੋਂ 400 ਬੱਚਿਆਂ ਨਾਲ ਭਾਰਤ ਲਿਆਂਦਾ ਗਿਆ। ਕੁਲਜਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਫਲਾਈਟ ਗਾਜ਼ੀਆਬਾਦ ਵਿੱਚ ਉਤਾਰੀ ਗਈ ਅਤੇ ਫਿਰ ਉੱਥੋਂ ਉਡਾਣ ਰਾਹੀਂ ਚੰਡੀਗੜ੍ਹ ਲਿਆਂਦਾ ਗਿਆ।
ਕੁਲਜਿੰਦਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਅਧੂਰੀ ਰਹਿ ਗਈ ਪੜ੍ਹਾਈ ਪੂਰੀ ਕਰਵਾਉਣ ’ਤੇ ਵਿਚਾਰ ਕੀਤਾ ਜਾਵੇ ਤਾਂ ਕਿ ਉਨ੍ਹਾਂ ਦਾ ਡਾਕਟਰ ਬਣਨ ਦਾ ਸੁਫ਼ਨਾ ਪੂਰਾ ਹੋ ਸਕੇ। ਕੁਲਜਿੰਦਰ ਸਿੰਘ ਦੇ ਪਿਤਾ ਬੂਟਾ ਸਿੰਘ ਉੱਪਲ ਦਾ ਨੇ ਪੁੱਤ ਦੇ ਸਹੀ ਸਲਾਮਤ ਘਰ ਪੁੱਜਣ ’ਤੇ ਸ਼ੁਕਰ ਮਨਾਇਆ।