ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਸਿਫ਼ਰ ਕਾਲ ਦੌਰਾਨ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ’ਤੇ ਉਂਗਲ ਉਠਾ ਦਿੱਤੀ| ਉਨ੍ਹਾਂ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲੀਸ ਵੱਲੋਂ ਦਿੱਤੇ ਜਾ ਰਹੇ ਵੀਆਈਪੀ ਟਰੀਟਮੈਂਟ ਦਾ ਮੁੱਦਾ ਚੁੱਕਿਆ| ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਟਰਾਂਜ਼ਿਟ ਰਿਮਾਂਡ ਲੈਣ ਮਗਰੋਂ ਅੰਮ੍ਰਿਤਸਰ ਵਿਚ ਲਾਰੈਂਸ ਬਿਸ਼ਨੋਈ ਨਾਲ ਤਾਇਨਾਤ ਪੁਲੀਸ ’ਤੇ ਵੀਆਈਪੀ ਡਿਊਟੀ ਦਾ ਟੈਗ ਲਾਇਆ ਜਾ ਰਿਹਾ ਹੈ, ਉਹ ਨੌਜਵਾਨੀ ਲਈ ਸਹੀ ਨਹੀਂ| ਵਿਰੋਧੀ ਧਿਰ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਉਠਾਏ ਮੁੱਦੇ ’ਤੇ ਮੇਜ ਥਪਥਪਾਏ ਗਏ| ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵੀਆਈਪੀ ਡਿਊਟੀ ਦੀ ਪੁਰਾਣੀ ਪ੍ਰਥਾ ਚੱਲੀ ਆ ਰਹੀ ਹੈ ਜੋ ਕਿ ਹੁਣ ਬੰਦ ਹੋਣੀ ਚਾਹੀਦੀ ਹੈ| ਵਿਧਾਇਕ ਨੇ ਆਪਣੇ ਹਲਕੇ ਦੇ ਪੀਣ ਵਾਲੇ ਪਾਣੀ ਦਾ ਮੁੱਦਾ ਵੀ ਚੁੱਕਿਆ| ਸਿਰਫ ਕਾਲ ਵਿਚ ਵਿਧਾਇਕ ਜੈ ਕਿਸ਼ਨ ਰੋੋੜੀ ਨੇ ਵੀ ਪੀਣ ਵਾਲੇ ਪਾਣੀ ਦੀ ਗੱਲ ਰੱਖੀ| ਵਿਧਾਇਕ ਮਨਜੀਤ ਬਿਲਾਸਪੁਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਦੀਨਾ ਸਾਹਿਬ ਨੂੰ ਧਾਰਮਿਕ ਟੂਰਿਜ਼ਮ ਵਜੋਂ ਵਿਕਸਿਤ ਕਰਨ ਦੀ ਮੰਗ ਰੱਖੀ|