ਦਵਿੰਦਰ ਪਾਲ
ਚੰਡੀਗੜ੍ਹ, 16 ਅਪਰੈਲ
ਪੰਜਾਬ ਪੁਲੀਸ ਦੇ ਚਰਚਿਤ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਅੱਜ ਸੂਬੇ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਕੀਤੀ ਮੀਟਿੰਗ ਨੇ ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਰਾਜਪਾਲ ਨਾਲ ਮੀਟਿੰਗ ਉਪਰੰਤ ਪੁਲੀਸ ਅਧਿਕਾਰੀ ਨੇ ਇਸ ਮਿਲਣੀ ਨੂੰ ਸਧਾਰਨ ਦੱਸਿਆ ਤੇ ਨਾਲ ਹੀ ਅਸਤੀਫਾ ਦੇਣ ਦੇ ਮੁੱਦੇ ’ਤੇ ਕਾਇਮ ਰਹਿਣ ਦਾ ਪ੍ਰਗਟਾਵਾ ਕੀਤਾ। ਰਾਜ ਭਵਨ ਦੇ ਬਾਹਰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੰਨਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਵਾਪਸ ਲੈਣ ਸਬੰਧੀ ਉਨ੍ਹਾਂ ਨੂੰ ਮਨਾਉਣ ਦੇ ਯਤਨ ਕੀਤੇ ਸਨ, ਪਰ ਉਨ੍ਹਾਂ ਮੁੱਖ ਮੰਤਰੀ ਨੂੰ ਮਨਾ ਲਿਆ ਹੈ। ਪੁਲੀਸ ਅਧਿਕਾਰੀ ਦੇ ਇਸ ਕਥਨ ਤੋਂ ਸਾਫ਼ ਹੈ ਕਿ ਉਹ ਹਾਲ ਦੀ ਘੜੀ ਆਪਣੇ ਅਸਤੀਫੇ ’ਤੇ ਕਾਇਮ ਹਨ ਜਦੋਂ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਗ੍ਰਹਿ ਵਿਭਾਗ ਵੱਲੋਂ ਅਸਤੀਫੇ ਸਬੰਧੀ ਭੇਜੀ ਗਈ ਫਾਈਲ ਵੀ ਮੁੱਖ ਮੰਤਰੀ ਦਫ਼ਤਰ ਵੱਲੋਂ ਹੁਣ ਤੱਕ ਵਾਪਸ ਨਹੀਂ ਭੇਜੀ ਗਈ। ਉਧਰ ਹਾਕਮ ਪਾਰਟੀ ਅੰਦਰ ਭਾਰੀ ਹਲਚਲ ਜ਼ਰੂਰ ਹੈ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਚਲਾਇਆ ਗਿਆ ਅਸਤੀਫੇ ਦਾ ਤੀਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਨਿਸ਼ਾਨਾ ਬਣਾ ਸਕਦਾ ਹੈ। ਪੰਜਾਬ ਕਾਡਰ ਨਾਲ ਸਬੰਧਤ 1998 ਬੈਚ ਦਾ ਇਹ ਪੁਲੀਸ ਅਧਿਕਾਰੀ ਅਕਸਰ ਸੁਰਖੀਆਂ ਵਿੱਚ ਰਿਹਾ ਹੈ। ਇਸ ਪੁਲੀਸ ਅਧਿਕਾਰੀ ਦਾ ਨਾਮ ਫਿਰੋਜ਼ਪੁਰ ਦਾ ਐੱਸਐੱਸਪੀ ਹੁੰਦਿਆਂ ਤਤਕਾਲੀ ਡੀਆਈਜੀ ਹਰਦੀਸ਼ ਰੰਧਾਵਾ ਦੇ ਨਾਲ ਵਾਦ-ਿਵਵਾਦ ’ਚ ਆਇਆ ਸੀ। ਪੰਜਾਬ ’ਚ ਬਹੁਚਰਚਿਤ ਅੰਮ੍ਰਿਤਸਰ ਕਿਡਨੀ ਸਕੈਂਡਲ ਦੀ ਜਾਂਚ ਵੀ ਇਸ ਪੁਲੀਸ ਅਧਿਕਾਰੀ ਦੇ ਹੀ ਹੱਥ ਰਹੀ ਹੈ। ਇਸ ਪੁਲੀਸ ਅਧਿਕਾਰੀ ਦੇ ਕੰਮ ਕਰਨ ਦਾ ਢੰਗ ਤਰੀਕਾ ਅਕਸਰ ਰਾਜਨੀਤਕ ਲੋਕਾਂ ਨੂੰ ਪਸੰਦ ਨਹੀਂ ਆਇਆ। ਇਹੀ ਕਾਰਨ ਹੈ ਕਿ ਅੰਮ੍ਰਿਤਸਰ, ਜਲ਼ੰਧਰ ਅਤੇ ਲੁਧਿਆਣਾ ਸ਼ਹਿਰਾਂ ਵਿੱਚ ਜਦੋਂ ਪੁਲੀਸ ਦੀ ਕਮਾਂਡ ਇਸ ਅਧਿਕਾਰੀ ਹੱਥ ਆਈ ਤਾਂ ਸਿਆਸੀ ਆਗੂ ਇਸ ਦੇ ਿਵਰੁੱਧ ਝੰਡਾ ਬੁਲੰਦ ਕਰ ਦਿੰਦੇ ਸਨ।
ਆਗਾਮੀ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਚਰਚਾ
ਪੁਲੀਸ ਅਧਿਕਾਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਿਸ ਤਰ੍ਹਾਂ ਦੇ ਪ੍ਰਗਟਾਵੇ ਕੀਤੇ ਜਾ ਰਹੇ ਹਨ, ਉਸ ਨੂੰ ਦੇਖਦਿਆਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭੂਮਿਕਾ ਨਿਭਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਜਸੀ ਧਿਰਾਂ ਦੀਆਂ ਨਜ਼ਰਾਂ ਇਸ ਪੁਲੀਸ ਅਧਿਕਾਰੀ ਵੱਲੋਂ ਦਿੱਤੇ ਅਸਤੀਫੇ ਤੋਂ ਬਾਅਦ ਪੈਣ ਵਾਲੇ ਪ੍ਰਭਾਵਾਂ ’ਤੇ ਟਿਕੀਆਂ ਹੋਈਆਂ ਹਨ। ਅਕਾਲੀ ਨੇਤਾਵਾਂ ਵੱਲੋਂ ਵੀ ਤਾਜ਼ਾ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ‘ਆਪ’ ਵੱਲੋਂ ਵੀ ਕਾਂਗਰਸ ਤੇ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।