ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਸਤੰਬਰ
ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕਰਨ ਵਾਲੀ 15 ਸਾਲਾ ਲੜਕੀ ਕੁਸੁਮ ਦਾ ਨਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੌਮੀ ਬਹਾਦਰੀ ਪੁਰਸਕਾਰ ਲਈ ਨਾਮਜ਼ਦ ਕਰ ਦਿੱਤਾ ਹੈ। ਡੀਸੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਪੁਰਸਕਾਰ ਹਰ ਸਾਲ ਵਿਸ਼ੇਸ਼ ਬਹਾਦਰੀ ਦਿਖਾਉਣ ਵਾਲੇ ਬੱਚਿਆਂ ਨੂੰ ਰਾਸ਼ਟਰੀ ਬਾਲ ਕਲਿਆਣ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦਾਖ਼ਲ ਹੋਣ ਵਾਲੀਆਂ ਨਾਮਜ਼ਦਗੀਆਂ ਵਿਚੋਂ ਕੁਝ ਚੋਣਵੇਂ ਨਾਵਾਂ ਨੂੰ ਕੌਂਸਲ ਵੱਲੋਂ ਐਵਾਰਡ ਦੇਣ ਲਈ ਚੁਣਿਆ ਜਾਂਦਾ ਹੈ। ਇਸ ਸਾਲ ਜਲੰਧਰ ਤੋਂ ਇਸ ਐਵਾਰਡ ਲਈ ਡੀਸੀ ਦਫ਼ਤਰ ਵੱਲੋਂ ਕੁਸੁਮ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨੇ 30 ਅਗਸਤ ਨੂੰ ਵਾਪਰੀ ਲੁੱਟ ਦੀ ਵਾਰਦਾਤ ਨੂੰ ਨਾ ਸਿਰਫ਼ ਅਸਫ਼ਲ ਬਣਾਇਆ ਸਗੋਂ ਇਕ ਲੁਟੇਰੇ ਨੂੰ ਕਾਬੂ ਵੀ ਕਰ ਲਿਆ। ਕਿ ਉਸ ਦੇ ਨਾਂ ਦੀ ਨਾਮਜ਼ਦਗੀ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਉਸ ਦਾ ਨਾਂ ਪੰਜਾਬ ਕੌਂਸਲ ਫਾਰ ਚਾਈਲਡ ਵੈੱਲਫੇਅਰ ਪਾਸ ਭੇਜਿਆ ਜਾ ਚੁੱਕਾ ਹੈ।