ਜੈਸਮੀਨ ਭਾਰਦਵਾਜ
ਨਾਭਾ, 21 ਮਾਰਚ
ਇਥੇ ਅਨਾਜ ਮੰਡੀ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਕੀਤੀ ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਕੀਤਾ ਇਹ ਇਕੱਠ ਸਮਾਜਿਕ ਤਬਦੀਲੀ ਦਾ ਰਾਹ ਪੱਧਰਾ ਕਰੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਕਿਸਾਨ ਅੰਦੋਲਨ ਕੁਲ ਆਲਮ ਦੇ ਕਿਸਾਨਾਂ ਲਈ ਚਾਨਣ ਮੁਨਾਰਾ ਹੈ। ਆਗੂਆਂ ਨੇ ਕਿਹਾ ਕਿ ਸਾਧਨ ਵਿਹੂਣੇ ਤਬਕੇ ਵੱਲੋਂ ਅਜਿਹੇ ਸਮਾਗਮਾਂ ਬਾਰੇ ਸੋਚਣਾ, ਇਸ ਦਾ ਸੰਚਾਲਨ ਅਤੇ ਪੂਰਨ ਪ੍ਰਬੰਧ ਕਰਨਾ, ਇਹ ਦਰਸਾਉਂਦਾ ਹੈ ਕਿ ਸਮਾਜਿਕ ਚੇਤਨਾ ਦਾ ਪੱਧਰ ਵੱਧ ਰਿਹਾ ਹੈ ਅਤੇ ਇਹ ਹੁਣ ਕਿਸਾਨ ਅੰਦੋਲਨ ਤੱਕ ਸੀਮਤ ਨਾ ਰਹਿ ਕੇ ਜਨ ਅੰਦੋਲਨ ਬਣ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰ ਮਹਾਪੰਚਾਇਤ ਨਾਲ ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਬਲ ਮਿਲੇਗਾ। ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਮੋਢੀ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪੂਰਾ ਪੰਡਾਲ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਜ਼ਦੂਰਾਂ ਦੀ ਇਹ ਪਹਿਲ ਸਿਆਸੀ ਅਤੇ ਸਮਾਜਿਕ ਬਦਲਾਅ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਲੀਡਰਸ਼ਿਪ ਵੱਲੋਂ ਸਮਾਜ ਵਿੱਚ ਖੜ੍ਹਾ ਕੀਤਾ ਜਾਤ ਤੇ ਪਾਰਟੀ ਅਧਾਰਿਤ ਪਾੜਾ, ਕਿਸਾਨ ਅੰਦੋਲਨ ਰਾਹੀਂ ਫਿੱਕਾ ਪੈਣ ਦੇ ਨਾਲ ਘਟਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਭਾਈਚਾਰੇ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਦਿਆਂ ਇਹ ਸਮਾਗਮ ਦਿੱਲੀ ਦੀਆਂ ਸਰਹੱਦਾਂ ’ਤੇ ਚਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਬਖ਼ਸ਼ੇਗਾ। ਰਾਜੇਵਾਲ ਨੇ ਦੱਸਿਆ ਕਿ ਇਹ ਅੰਦੋਲਨ ਵਿਸ਼ਵ ਪੱਧਰ ’ਤੇ ਧਿਆਨ ਦਾ ਕੇਂਦਰ ਬਣ ਚੁੱਕਾ ਹੈ ਅਤੇ ਜਰਮਨੀ, ਸਪੇਨ ਤੇ ਅਫ਼ਰੀਕਾ ਵਿੱਚ ਵੀ ਅੰਦੋਲਨ ਖੜੇ ਹੋ ਰਹੇ ਹਨ। ਸਪੇਨ ਵਿੱਚ ਵੀ ਫ਼ਸਲ ਦੀ ਐੱਮਐੱਸਪੀ ’ਤੇ ਗੱਲ ਚੱਲ ਪਈ ਹੈ। ਆਲਮੀ ਅੰਦੋਲਨ ਦੇ ਡਰੋਂ ਵਿਸ਼ਵ ਪੱਧਰ ’ਤੇ ਕਾਰਪੋਰੇਟ ਇਕੱਤਰ ਹੋਣ ਲੱਗਾ ਹੈ, ਜਿਸ ਕਾਰਨ ਇਸ ਅੰਦੋਲਨ ਦੇ ਲੰਮਾ ਚੱਲਣ ਦੇ ਆਸਾਰ ਹਨ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਅੱਜ ਬੱਚੇ ਬੱਚੇ ਦੀ ਜ਼ੁਬਾਨ ’ਤੇ ਕਾਰਪੋਰੇਟਾਂ ਦੇ ਮੁਨਾਫ਼ੇ ਦੀ ਗੱਲ ਆ ਰਹੀ ਹੈ। ਰਾਜੇਵਾਲ ਨੇ ਦੱਸਿਆ ਕਿ ਕੌਮੀ ਵਪਾਰੀ ਫੈਡਰੇਸ਼ਨ ਵੱਲੋਂ 26 ਦੇ ਭਾਰਤ ਬੰਦ ਦੀ ਹਮਾਇਤ ਕੀਤੀ ਜਾਵੇਗੀ। ਮਜ਼ਦੂਰ ਆਗੂ ਕ੍ਰਿਸ਼ਨ ਸਿੰਘ ਲੁਬਾਣਾ ਨੇ ਮਜ਼ਦੂਰਾਂ ਨੂੰ ਆਮ ਲੋਕਾਂ ਦੇ ਭੋਜਨ ਵਿੱਚ ਸਿਹਤ ਲਈ ਹਾਨੀਕਾਰਕ ਤਬਦੀਲੀ ਆਉਣ ਬਾਰੇ ਸੁਚੇਤ ਕੀਤਾ। ਪ੍ਰਬੰਧਕ ਜਥੇਬੰਦੀ ਮਨਰੇਗਾ ਫ਼ਰੰਟ ਪੰਜਾਬ ਵੱਲੋਂ ਗੁਰਮੀਤ ਸਿੰਘ ਥੂਹੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।