ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਕਤੂਬਰ
ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਕਿਰਤੀਆਂ ਦੇ ਹਿੱਤਾਂ ਲਈ ਵਧੇਰੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੇਬਰ ਵੈੱਲਫੇਅਰ ਬੋਰਡ ਤੇ ਅੰਡਰ ਕੰਸਟਰਕਸ਼ਨ ਵਰਕਰਜ਼ ਬੋਰਡ ਰਾਹੀਂ ਰਜਿਸਟਰਡ ਕਿਰਤੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ‘ਬਾਲੜੀ ਤੋਹਫਾ’ ਸਕੀਮ ਤਹਿਤ ਬੇਟੀ ਦਾ ਜਨਮ ਹੋਣ ’ਤੇ ਉਸ ਦੇ ਨਾਮ ਦੀ 51 ਹਜ਼ਾਰ ਦੀ ਐੱਫਡੀ ਕਰਵਾਈ ਜਾਂਦੀ ਹੈ। ਬੱਚਿਆਂ ਦੀ ਉਚੇਰੀ ਪੜ੍ਹਾਈ ਤੱਕ ਲਈ 3 ਹਜ਼ਾਰ ਤੋਂ 70 ਹਜ਼ਾਰ ਰੁਪਏ ਸਾਲਾਨਾ ਤੱਕ ਦਿੱਤੇ ਜਾਂਦੇ ਹਨ। ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੀ ਸਹਾਇਤਾ ਰਾਸ਼ੀ ਦੀ ਸਹੂਲਤ ਹੈ। ਇਸ ਤੋਂ ਇਲਾਵਾ ਕਿਰਤੀ ਦੀ ਕੁਦਰਤੀ ਮੌਤ ਹੋਣ ’ਤੇ ਦੋ ਲੱਖ ਰੁਪਏ ਅਤੇ ਹਾਦਸੇ ਵਿੱਚ ਮੌਤ ਹੋਣ ’ਤੇ ਤਿੰਨ ਲੱਖ ਰੁਪਏ ਦਿੱਤੇ ਜਾਂਦੇ ਹਨ।