ਦਲੇਰ ਸਿੰਘ ਚੀਮਾ
ਭੁਲੱਥ, 1 ਫਰਵਰੀ
ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਪੈਂਦਾ ਵਿਧਾਨ ਸਭਾ ਹਲਕਾ ਭੁਲੱਥ ਭੂਗੋਲਿਕ ਤੌਰ ’ਤੇ ਆਦਮਪੁਰ, ਟਾਂਡਾ, ਕਰਤਾਰਪੁਰ ਅਤੇ ਸ੍ਰੀ ਹਰਿਗੋਬਿੰਦਪੁਰ ਨਾਲ ਜੁੜਿਆ ਹੈ। ਹਲਕੇ ਵਿਚ ਭਾਵੇਂ ਸਰਕਾਰੀ ਹਸਪਤਾਲ ਹੈ ਪਰ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਇਲਾਕੇ ਦੇ ਲੋਕ ਨਿੱਜੀ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਸਰਕਾਰੀ ਕਾਲਜ ਵਿਚ ਸਾਇੰਸ, ਕਾਮਰਸ ਅਤੇ ਕਿੱਤਾਮੁਖੀ ਕੋਰਸ ਨਹੀਂ ਹਨ, ਜਿਸ ਕਰਕੇ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਲਈ ਜਲੰਧਰ ਜਾਂ ਹੋਰ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਸਬ-ਡਿਵੀਜ਼ਨ ਦੀ ਇਮਾਰਤ ਬਣੀ ਹੋਈ ਹੈ ਪਰ ਪਟਵਾਰੀਆਂ ਤੇ ਕਾਨੂੰਗੋਆਂ ਦੀ ਘਾਟ ਸਮੇਤ ਪ੍ਰਬੰਧਕੀ ਅਫਸਰਾਂ ਦੇ ਤਬਾਦਲੇ ਤੋਂ ਬਾਅਦ ਲੰਮੇ ਸਮੇਂ ਤੱਕ ਪੋਸਟਿੰਗ ਨਾ ਹੋਣ ਕਾਰਨ ਲੋਕ ਖੱਜਲ ਹੋ ਰਹੇ ਹਨ। ਬੱਸ ਅੱਡਾ ਹੋਣ ਦੇ ਬਾਵਜੂਦ ਬੱਸਾਂ ਬਾਜ਼ਾਰ ਵਿੱਚ ਖੜ੍ਹੀਆਂ ਹੋਣ ਕਾਰਨ ਨਿੱਤ ਜਾਮ ਲੱਗਦੇ ਹਨ। ਸਿਵਲ ਪ੍ਰਸ਼ਾਸਨ ਦੇ ਗੈਰ-ਜ਼ਿੰਮੇਵਾਰ ਰਵੱਈਏ ਕਰਕੇ ਦੁਕਾਨਦਾਰਾਂ ਨੇ ਹਲਕੇ ਦੀਆਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਇਹ ਹਲਕਾ ਆਮ ਤੌਰ ’ਤੇ ਅਕਾਲੀ ਹਲਕੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ 1997 ਤੋਂ ਹੁਣ ਤੱਕ ਹੋਈਆਂ 9 ਵਿਧਾਨ ਸਭਾ ਚੋਣਾਂ ’ਚ ਇਥੋਂ ਛੇ ਵਾਰ ਅਕਾਲੀ ਦਲ, ਦੋ ਵਾਰ ਕਾਂਗਰਸ ਅਤੇ ਇਕ ਵਾਰ ‘ਆਪ’ ਨੇ ਜਿੱਤ ਹਾਸਲ ਕੀਤੀ। 2017 ਦੀਆਂ ਚੋਣਾਂ ਵਿਚ ‘ਆਪ’ ਦੀ ਟਿਕਟ ’ਤੇ ਸੁਖਪਾਲ ਸਿੰਘ ਖਹਿਰਾ ਨੇ ਇਥੋਂ 48,873 ਵੋਟਾਂ ਪ੍ਰਾਪਤ ਕਰ ਕੇ ਅਕਾਲੀ ਦਲ ਦੇ ਯੁਵਰਾਜ ਭੁਪਿੰਦਰ ਸਿੰਘ ਨੂੰ 8,202 ਵੋਟਾਂ ਨਾਲ ਹਰਾਇਆ ਸੀ। ਕਾਂਗਰਸ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਸਿਰਫ 5,923 ਵੋਟਾਂ ਪ੍ਰਾਪਤ ਕਰ ਕੇ ਤੀਜੇ ਨੰਬਰ ’ਤੇ ਰਹੇ ਸਨ। ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਹਲਕਾ ਭੁਲੱਥ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਾਵੇਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਜੋਂ 1992 ਦੀਆਂ ਚੋਣਾਂ ਵਿਚ ਨਾਮਜ਼ਦਗੀ ਪੱਤਰ ਭਰੇ ਸਨ ਪਰ ਉਨ੍ਹਾਂ ਵੀ ਆਪਣੇ ਸਹੁਰਾ ਬਾਵਾ ਹਰਨਾਮ ਸਿੰਘ ਦੇ ਉਤਰਾਧਿਕਾਰੀ ਵਜੋਂ ਰਾਜਨੀਤਕ ਖੇਤਰ ਵਿਚ ਪੈਰ ਧਰਿਆ ਤੇ ਦੋ ਵਾਰ ਵਿਧਾਇਕ ਚੁਣੇ ਗਏ।
ਜੂਨ 2021 ਵਿਚ ‘ਆਪ’ ਤੋਂ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਬਿਆਸ ਦਰਿਆ ਦੇ ਢਿੱਲਵਾਂ ਤੋਂ ਸ੍ਰੀ ਹਰਿਗੋਬਿੰਦਪੁਰ ਤੱਕ ਬੰਨ੍ਹ ’ਤੇ 30 ਕਰੋੜ ਦੀ ਲਾਗਤ ਨਾਲ 30 ਕਿਲੋਮੀਟਰ ਪੱਕੀ ਸੜਕ, 30 ਕਰੋੜ ਦੀ ਲਾਗਤ ਨਾਲ ਢਿੱਲਵਾਂ ਰੇਲਵੇ ਕਰਾਸਿੰਗ ’ਤੇ ਓਵਰ ਬ੍ਰਿਜ, 14 ਕਰੋੜ ਦੀ ਲਾਗਤ ਨਾਲ 55 ਕਿਲੋਮੀਟਰ ਸੜਕਾਂ ਅਤੇ ਕਿੱਤਾਮੁਖੀ ਕੋਰਸਾਂ ਲਈ ਢਿੱਲਵਾਂ ਵਿਚ ਆਈਟੀਆਈ ਬਣਵਾਈ। ਇਸੇ ਤਰ੍ਹਾਂ ਸਿਹਤ ਖੇਤਰ ਵਿਚ ਸੁਧਾਰ ਲਈ 9 ਕਰੋੜ ਰੁਪਏ ਦੀ ਲਾਗਤ ਨਾਲ ਢਿੱਲਵਾਂ, ਨਡਾਲਾ, ਨੰਗਲ ਲੁਬਾਣਾ ਦੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਐੱਮਐੱਲਏ ਫੰਡ ’ਚੋਂ 100 ਕਰੋੜ ਰੁਪਏ ਖਰਚੇ ਗਏ ਹਨ।
2017 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੇ ਯੁਵਰਾਜ ਭੁਪਿੰਦਰ ਸਿੰਘ ਨੇ ਕਿਹਾ ਕਿ ਹਲਕੇ ਵਿੱਚ ਜੋ ਵੀ ਵਿਕਾਸ ਹੋਇਆ ਹੈ, ਉਹ ਅਕਾਲੀ ਰਾਜ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ, ਸਰਕਾਰੀ ਹਸਪਤਾਲ, ਸਬ ਡਿਵੀਜ਼ਨ ਦੀ ਉਸਾਰੀ, ਬੇਗੋਵਾਲ ਵਿਚ ਪੌਲੀਟੈਕਨਿਕ ਕਾਲਜ ਦੀ ਸਥਾਪਨਾ ਅਕਾਲੀ ਸਰਕਾਰ ਵੇਲੇ ਹੋਈ।
ਕਾਂਗਰਸ ਦੀ ਟਿਕਟ ’ਤੇ ਪਿਛਲੀ ਵਾਰ ਹਾਰੇ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਨੇ ਯੁਵਰਾਜ ਭੁਪਿੰਦਰ ਸਿੰਘ ਤੇ ਸੁਖਪਾਲ ਖਹਿਰਾ ਦੇ ਦਾਅਵੇ ਨਕਾਰਦਿਆਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਭੁਲੱਥ ਤੇ ਬੇਗੋਵਾਲ ਵਿਚ ਪਾਏ ਗਏ ਸੀਵਰੇਜ ਦੇ ਕੰਮ ਦੌਰਾਨ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੇ ਹਲਕੇ ਦੀ ਸਾਰ ਨਹੀਂ ਲਈ। ਹਲਕੇ ਵਿਚ ਕੋਈ ਸਨਅਤ ਨਾ ਲਿਆਉਣ ਕਾਰਨ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ।