ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 11 ਅਪਰੈਲ
ਪੰਜਾਬ ਦੇ ਅੱਠ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਆਈਸੀਯੂ ਬੈੱਡਾਂ ਦੀ ਘਾਟ ਪੈਦਾ ਹੋ ਗਈ ਹੈ। ਇਹ ਖੁਲਾਸਾ ਪੰਜਾਬ ਦਾ ਦੌਰਾ ਕਰ ਕੇ ਪਰਤੀ ਕੇਂਦਰੀ ਟੀਮ ਵਲੋਂ ਕੇਂਦਰੀ ਸਿਹਤ ਮੰਤਰਾਲੇ ਨੂੰ ਸੌਂਪੀ ਰਿਪੋਰਟ ਤੋਂ ਹੋਇਆ ਹੈ। ਰਿਪੋਰਟ ਵਿਚ ਸਾਹਮਣੇ ਆਇਆ ਕਿ ਹੁਸ਼ਿਆਰਪੁਰ ਵਿਚ ਆਈਸੀਯੂ ਬੈਡ ਲੈਣ ਵਾਲਿਆਂ ਦੀ ਦਰ 20 ਫੀਸਦੀ, ਅੰਮ੍ਰਿਤਸਰ ਵਿਚ 40, ਲੁਧਿਆਣਾ ਵਿਚ 89, ਐਸਏਐਸ ਨਗਰ ਵਿਚ 80, ਸ਼ਹੀਦ ਭਗਤ ਸਿੰਘ ਨਗਰ ਵਿਚ 70.6, ਜਲੰਧਰ ਵਿਚ 63.2 ਤੇ ਪਟਿਆਲਾ ਵਿਚ 44.4 ਫੀਸਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਖੇਤਰਾਂ ਵਿਚ ਆਕਸੀਜ਼ਨ ਵਾਲੇ ਆਈਸੋਲੇਸ਼ਨ ਬੈਡ ਵੀ ਨਹੀਂ ਮਿਲ ਰਹੇ। ਇਨ੍ਹਾਂ ਜ਼ਿਲ੍ਹਿਆਂ ਵਿਚ ਕਰੋਨਾ ਪ੍ਰਭਾਵਿਤ 75 ਫੀਸਦੀ ਘਰ ਵਿਚ ਹੀ ਇਕਾਂਤਵਾਸ ਕੀਤੇ ਗਏ ਹਨ ਜਿਨ੍ਹਾਂ ਦਾ ਸਿਹਤ ਵਿਭਾਗ ਵਲੋਂ ਨਿਰੀਖਣ ਕੀਤਾ ਜਾ ਰਿਹਾ ਹੈ। ਘਰ ਵਿਚ ਇਕਾਂਤਵਾਸ ਕੀਤਿਆਂ ਦੀ ਦਰ ਹੁਸ਼ਿਆਰਪੁਰ ਵਿਚ 77.82 ਫੀਸਦੀ, ਅੰਮ੍ਰਿਤਸਰ ਵਿਚ 78.6, ਲੁਧਿਆਣਾ ਵਿਚ 100, ਐਸਏਐਸ ਨਗਰ ਵਿਚ 95, ਸ਼ਹੀਦ ਭਗਤ ਸਿੰਘ ਨਗਰ ਵਿਚ 88.5, ਜਲੰਧਰ ਵਿਚ 82.3 ਤੇ ਪਟਿਆਲਾ ਵਿਚ 78 ਫੀਸਦੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਇਸ ਖੱਪੇ ਬਾਰੇ ਪੰਜਾਬ ਦੇ ਪ੍ਰਿੰਸੀਪਲ ਸਿਹਤ ਸਕੱਤਰ ਹੁਸਨ ਲਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਲੁਧਿਆਣਾ ਤੇ ਪਟਿਆਲਾ ਵਿਚ ਕਰੋਨਾ ਦੀ ਮਾਰ ਹੇਠ ਆਏ ਲੋਕਾਂ ਦੀ ਪਛਾਣ ਦਰ ਵਧਾਈ ਜਾਵੇ।