ਚਰਨਜੀਤ ਭੁੱਲਰ
ਚੰਡੀਗੜ੍ਹ, 3 ਜੂਨ
ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਕਈ ਨਵੇਂ ਰਾਹ ਤੈਅ ਕਰੇਗੀ। ਪੰਜਾਬ ਦੀਆਂ 13 ਸੀਟਾਂ ’ਤੇ ਉਤਰੇ 328 ਉਮੀਦਵਾਰਾਂ ਲਈ ਮੰਗਲਵਾਰ ਦਾ ਦਿਨ ਪਰਖ ਬਣੇਗਾ। ਪੰਜਾਬ ਦੇ ਲੋਕਾਂ ਦਾ ਮੂਡ ਤੇ ਸੂਝ-ਬੂਝ ਚਾਰ ਜੂਨ ਨੂੰ ਇਲੈਕਟ੍ਰੋਨਿਕ ਮਸ਼ੀਨਾਂ ਵਿੱਚੋਂ ਬਾਹਰ ਆਏਗੀ। ਪੰਜਾਬੀ ਕਿਸ ਨੂੰ ਚੁਣਦੇ ਹਨ, ਉਸ ਤੋਂ ਪੰਜਾਬੀ ਸੁਭਾਅ ਤੇ ਰੌਂਅ ਦਾ ਪਤਾ ਲੱਗੇਗਾ। ਵੋਟਾਂ ਦੀ ਗਿਣਤੀ ਦਾ ਰੁਝਾਨ ਦੱਸੇਗਾ ਕਿ ਪੰਜਾਬੀ ਲੋਕ ਅਤੀਤ ਤੋਂ ਕਿੰਨਾ ਕੁ ਸਿੱਖੇ ਹਨ ਅਤੇ ਕਿਸ ਤਰ੍ਹਾਂ ਦਾ ਭਵਿੱਖ ਚਾਹੁੰਦੇ ਹਨ। ਹਰ ਜੇਤੂ ਉਮੀਦਵਾਰ ਨੂੰ ਦੇਖ ਕੇ ਤੈਅ ਹੋਵੇਗਾ ਕਿ ਲੋਕਾਂ ਦੀ ਸੋਚ ਕਿੰਨੀ ਕੁ ਟਿਕਾਊ ਅਤੇ ਕਿੰਨੀ ਕੁ ਪ੍ਰਵਰਤਨਸ਼ੀਲ ਹੈ।
ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੈ। ਸੰਯੁਕਤ ਕਿਸਾਨ ਮੋਰਚਾ ਨੇ ਢਾਈ ਸੌ ਥਾਵਾਂ ’ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ। ‘ਕੇਂਦਰ ਨੇ ਦਿੱਲੀ ਨਹੀਂ ਵੜਨ ਦਿੱਤਾ, ਅਸੀਂ ਪਿੰਡਾਂ ’ਚ ਵੜਨ ਨਹੀਂ ਦਿਆਂਗੇ’, ਇਹ ਨਾਅਰਾ ਤੇ ਤਰਕ ਕਿਸਾਨਾਂ ਦਾ ਸੀ। ਭਾਜਪਾ ਦੇ ਹਿੱਸੇ ਪਿੰਡਾਂ ਵਿੱਚੋਂ ਕਿੰਨੀ ਕੁ ਵੋਟ ਆਉਂਦੀ ਹੈ, ਉਹ ਜਿੱਥੇ ਭਾਜਪਾ ਦਾ ਕੱਦ ਮਿਣੇਗੀ, ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਜ਼ੋਰ ਦੀ ਪਰਖ ਵੀ ਬਣੇਗੀ। ਭਾਜਪਾ ਨੂੰ ਪੰਜਾਬ ਵਿੱਚੋਂ ਕਿੰਨੀਆਂ ਸੀਟਾਂ ਮਿਲਦੀਆਂ ਹਨ, ਉਸ ਤੋਂ ਵੀ ਪੰਜਾਬੀ ਲੋਕਾਂ ਦੀ ਰਾਜਸੀ ਸੋਚ ਦਾ ਪਤਾ ਲੱਗੇਗਾ। ‘ਆਪ’ ਸਰਕਾਰ ਦੀ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਚੋਣ ਨਤੀਜੇ ਕਰਨਗੇ।
‘ਆਪ’ ਸਰਕਾਰ ਦੀ ਹਰਮਨ ਪਿਆਰਤਾ ਵੀ ਚੋਣ ਨਤੀਜੇ ਸਿੱਧ ਕਰਨਗੇ। ਕਾਂਗਰਸ ਦੇ ਕਾਟੋ ਕਲੇਸ਼ ਦਰਮਿਆਨ ਮੌਜੂਦਾ ਕਾਂਗਰਸੀ ਆਗੂਆਂ ਲਈ ਇਹ ਨਤੀਜੇ ਪ੍ਰੀਖਿਆ ਹੋਣਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਿਆਸੀ ਕੱਦ ਵੀ ਤੈਅ ਹੋਵੇਗਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਚੋਣ ਪ੍ਰਚਾਰ ਅਗਵਾਈ ਕਿਹੋ ਜਿਹੀ ਰਹੀ, ਉਸ ਦੀ ਛਾਣਬੀਣ ਵੀ ਸਾਹਮਣੇ ਆਵੇਗੀ। ਮੁੱਖ ਮੰਤਰੀ ਭਗਵੰਤ ਮਾਨ ਲਈ ਸੰਗਰੂਰ ਤੇ ਬਠਿੰਡਾ ਸੀਟ ਵੱਕਾਰੀ ਰਹੀ ਅਤੇ ਇਨ੍ਹਾਂ ਦੋਵੇਂ ਸੀਟਾਂ ਦੇ ਨਤੀਜੇ ਉਨ੍ਹਾਂ ਦੇ ਨਿੱਜੀ ਕੱਦ ਨੂੰ ਵੀ ਪ੍ਰਭਾਵਿਤ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਨ੍ਹਾਂ ਸੀਟਾਂ ’ਤੇ ਚੋਣ ਰੈਲੀਆਂ ਕੀਤੀਆਂ, ਉਨ੍ਹਾਂ ਸੀਟਾਂ ਦੇ ਨਤੀਜੇ ਕੌਮੀ ਲੀਡਰਾਂ ਦੀ ਅਸਰ ਕਬੂਲੀ ਦਾ ਪ੍ਰਗਟਾਵਾ ਕਰਨਗੇ। ਇਨ੍ਹਾਂ ਚੋਣਾਂ ਵਿੱਚ ਦਲ ਬਦਲੂ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹੇ। ਜਿਨ੍ਹਾਂ ਨੂੰ ਦਲ ਬਦਲੀ ਮਗਰੋਂ ਟਿਕਟਾਂ ਮਿਲੀਆਂ, ਉਨ੍ਹਾਂ ਦੇ ਚੋਣ ਨਤੀਜੇ ਕਿਹੋ ਜਿਹੇ ਰਹਿਣਗੇ, ਉਸ ਤੋਂ ਪਤਾ ਲੱਗੇਗਾ ਕਿ ਪੰਜਾਬੀਆਂ ਲਈ ਦਲ ਬਦਲੂ ਮਾਅਨੇ ਰੱਖਦੇ ਹਨ ਜਾਂ ਨਹੀਂ।
ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਸਭ ਤੋਂ ਵੱਧ ਚਰਚਿਤ ਰਹੇ ਅਤੇ ਉਨ੍ਹਾਂ ਦੀ ਦਲ ਬਦਲੀ ’ਤੇ ਸੁਆਲ ਵੀ ਉੱਠੇ ਕਿਉਂਕਿ ਕਾਂਗਰਸ ਨੇ ਬਿੱਟੂ ਨੂੰ ਤਿੰਨ ਵਾਰ ਸੰਸਦ ਮੈਂਬਰ ਬਣਾਇਆ। ਇਸੇ ਤਰ੍ਹਾਂ ਪ੍ਰਨੀਤ ਕੌਰ ਵੱਲੋਂ ਭਾਜਪਾ ਉਮੀਦਵਾਰ ਵਜੋਂ ਪਟਿਆਲਾ ਦੇ ਚੋਣ ਮੈਦਾਨ ਵਿੱਚ ਉਤਰਨਾ ਵੀ ਕਾਫ਼ੀ ਰੜਕਿਆ। ਜਲੰਧਰ ਸੀਟ ’ਤੇ ਤਿੰਨ ਦਲ ਬਦਲੂ ਨਿੱਤਰੇ, ਜਿਨ੍ਹਾਂ ਵਿੱਚ ਪਵਨ ਟੀਨੂੰ, ਸੁਸ਼ੀਲ ਰਿੰਕੂ ਅਤੇ ਮਹਿੰਦਰ ਕੇਪੀ ਸ਼ਾਮਲ ਹਨ। ਫ਼ਤਹਿਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਅਤੇ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਵੀ ਦਲ ਬਦਲ ਕੇ ਚੋਣ ਲੜੇ ਹਨ। ਇਨ੍ਹਾਂ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦਾ ਭਵਿੱਖ ਵੀ ਤੈਅ ਹੋਵੇਗਾ ਕਿਉਂਕਿ ਪਹਿਲਾਂ ਉਹ ਪਿਛਲੀ ਚੋਣ ਬਠਿੰਡਾ ਸੀਟ ਤੋਂ ਲੜੇ ਸਨ ਅਤੇ ਹਾਰ ਗਏ ਸਨ। ਸੁਖਪਾਲ ਖਹਿਰਾ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦੇ ਕੇ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣ ਅਹਿਮ ਹੈ। ਚੋਣ ਨਤੀਜੇ ਇਸ ਗੱਲ ਦਾ ਗਵਾਹ ਬਣਨਗੇ ਕਿ ਅਕਾਲੀ ਦਲ ਨੇ 2022 ਦੀਆਂ ਚੋਣਾਂ ਮਗਰੋਂ ਕਿੰਨਾ ਕੁਝ ਹਾਸਲ ਕੀਤਾ ਹੈ ਅਤੇ ਵੋਟ ਬੈਂਕ ਵਿੱਚ ਕਿੰਨਾ ਕੁ ਵਾਧਾ ਕੀਤਾ ਹੈ। ਖ਼ਾਸ ਤੌਰ ’ਤੇ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ ਹਾਰ ਬਾਦਲ ਪਰਿਵਾਰ ਦੀ ਨਿੱਜੀ ਹੈਸੀਅਤ ਨੂੰ ਤੈਅ ਕਰੇਗੀ। ਚਾਰ ਜੂਨ ਨੂੰ ਰਾਜਸੀ ਚਾਨਣ ਹੋਵੇਗਾ ਕਿ ਜਿੱਤ ਦਾ ਲੱਡੂ ਕਿਸ ਦੇ ਹਿੱਸੇ ਆਉਂਦਾ ਹੈ।