ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਦਸੰਬਰ
ਇੱਥੋਂ ਦੇ ਲਾਡੋਵਾਲ ਟੌਲ ਪਲਾਜ਼ਾ ਕੰਪਨੀ ਤੇ ਕਿਸਾਨਾਂ ਵਿਚਾਲੇ ਹੋਏ ਸਮਝੌਤੇ ਮਗਰੋਂ ਮੁੜ ਚਾਲੂ ਹੋ ਗਿਆ ਹੈ। ਕੰਪਨੀ ਨੇ ਨਵੇਂ ਰੇਟਾਂ ’ਤੇ ਵਸੂਲੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਪ੍ਰਤੀ ਵਾਹਨ ਪੰਜ ਰੁਪਏ ਵਾਧਾ ਕੀਤਾ ਹੈ ਜਦਕਿ ਇਸ ਤੋਂ ਪਹਿਲਾਂ ਕੰਪਨੀ ਨੇ ਵੱਧ ਰੇਟ ਵਸੂਲਣ ਦਾ ਐਲਾਨ ਕੀਤਾ ਸੀ। ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਟੌਲ ਪਲਾਜ਼ੇ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਸਨ ਤੇ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕਿਸਾਨਾਂ ਨੇ ਟੌਪ ਪਲਾਜ਼ਿਆਂ ਤੋਂ ਧਰਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਕੰਪਨੀ ਨੇ ਰੇਟ ਕਾਫੀ ਵਧਾ ਦਿੱਤੇ ਸਨ। ਇਸ ਕਾਰਨ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਸੀ। ਟੌਲ ਪਲਾਜ਼ਾ ਦੇ ਮੈਨੇਜਰ ਸਰਫ਼ਰਾਜ਼ ਖਾਨ ਨੇ ਦੱਸਿਆ ਕਿ ਕਿਸਾਨਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਟੌਲ ਪਲਾਜ਼ਾ ਖੋਲ੍ਹ ਦਿੱਤਾ ਗਿਆ ਹੈ।