ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 25 ਅਕਤੂਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਸਿੱਧੂਵਾਲ, ਪਟਿਆਲਾ ਦੇ ਅਕਾਦਮਿਕ ਕੈਂਪਸ ਦਾ ਨੀਂਹ ਪੱਥਰ ਰੱਖਿਆ ਗਿਆ। ਦੱਸਣਯੋਗ ਹੈ ਕਿ ਭਾਵੇਂ ਇਹ ਯੂਨੀਵਰਸਿਟੀ ਪਿਛਲੇ ਸਾਲ ਕਾਰਜਸ਼ੀਲ ਹੋ ਗਈ ਸੀ ਪਰ ਇਸ ਦਾ ਅਕਾਦਮਿਕ ਕੈਂਪਸ ਉਸਰਨਾ ਬਾਕੀ ਸੀ।
ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ 500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਵੇਗੀ, ਜਿਸ ਵਿੱਚੋਂ 60 ਕਰੋੜ ਰੁਪਏ ਇਸ ਦੇ ਪਹਿਲੇ ਪੜਾਅ ਨੂੰ ਵਿਕਸਤ ਕਰਨ ’ਤੇ ਖ਼ਰਚੇ ਜਾਣਗੇ। ਇਸ ਨਾਲ ਅਕਾਦਮਿਕ ਤੇ ਪ੍ਰਬੰਧਕੀ ਬਲਾਕ, ਹੋਸਟਲ ਅਤੇ ਅੰਦਰੂਨੀ ਸੜਕਾਂ ਸਮੇਤ ਚਾਰਦੀਵਾਰੀ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਯੂਨੀਵਰਸਿਟੀ ਲਈ 100 ਏਕੜ ਦੇ ਕਰੀਬ ਜ਼ਮੀਨ ਮੁਫ਼ਤ ਦੇਣ ਵਾਲੇ ਪਿੰਡ ਸਿੱਧੂਵਾਲ ਦੇ ਸਰਪੰਚ ਤਰਸੇਮ ਸਿੰਘ, ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਪਿੰਡ ਸਿੱਧੂਵਾਲ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਇੱਥੇ ਪ੍ਰਦਾਨ ਕੀਤੇ ਜਾਣ ਵਾਲੇ ਕਾਫੀ ਕੋਰਸ ਕੌਮਾਂਤਰੀ ਪੱਧਰ ਦੇ ਹੋਣਗੇ, ਜਿਹੜੇ ਯੂਕੇ ਦੀ ਲਾਫ ਬੋਰੋ ਯੂਨੀਵਰਸਿਟੀ ਦੀ ਤਰਜ਼ ’ਤੇ ਵਿਕਸਤ ਕੀਤੇ ਗਏ ਹਨ। ਇਸ ਦੌਰਾਨ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਬਰਟ ਐਲੀਸਨ ਵੱਲੋਂ ਦਿੱਤਾ ਗਿਆ ਸੁਨੇਹਾ ਵੀ ਸੁਣਾਇਆ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਪਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਯੂਨੀਵਰਸਿਟੀ ਖਿਡਾਰੀਆਂ ਦਾ ਭਵਿੱਖ ਸੰਵਾਰ ਦੇਵੇਗੀ ਤੇ ਪਟਿਆਲਾ ਨੂੰ ਖੇਡਾਂ ਦੇ ਖੇਤਰ ’ਚ ਦੁਨੀਆਂ ਦੇ ਨਕਸ਼ੇ ’ਤੇ ਉਭਾਰੇਗੀ। ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਚੀਮਾ ਨੇ ਖੁਲਾਸਾ ਕੀਤਾ ਕਿ 2021-22 ਦੇ ਅਕਾਦਮਿਕ ਸੈਸ਼ਨ ਵਿੱਚ 142 ਵਿਦਿਆਰਥੀਆਂ ਦੀ ਕੁੱਲ ਸਮਰਥਾ ’ਚੋਂ 120 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਇਸ ਮੌਕੇ ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ ਤੇ ਵਿਜੈਇੰਦਰ ਸਿੰਗਲਾ ਸਣੇ ਹੋਰ ਹਾਜ਼ਰ ਸਨ।