ਗੁਰਬਖਸ਼ਪੁਰੀ
ਤਰਨ ਤਾਰਨ, 20 ਅਕਤੂਬਰ
ਸਿੰਘੂ ਹੱਦ ’ਤੇ ਕਤਲ ਹੋਏ ਚੀਮਾ ਕਲਾਂ ਦੇ ਲਖਬੀਰ ਸਿੰਘ ਦਾ ਪਰਿਵਾਰ ਸਦਮੇ ਅਤੇ ਦਹਿਸ਼ਤ ਦੀ ਦੁਵੱਲੀ ਮਾਰ ਦਾ ਸ਼ਿਕਾਰ ਹੈ| ਇਸੇ ਕਰ ਕੇ ਪਰਿਵਾਰ ਵੱਲੋਂ ਅੱਜ ਤੱਕ ਲਖਬੀਰ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਜਾ ਸਕੀਆਂ| ਲਖਬੀਰ ਸਿੰਘ ਦੀ ਭੈਣ ਰਾਜ ਕੌਰ ਨੇ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਸਿੱਖ ਧਰਮ ਨਾਲ ਸਬੰਧਤ ਹੈ ਅਤੇ ਉਹ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਸਿੱਖ ਰਵਾਇਤਾਂ ਨਾਲ ਹੀ ਕਰੇਗੀ| ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਪਰਿਵਾਰ ਨੂੰ ਸਸਕਾਰ ਅਤੇ ਹੋਰ ਅੰਤਿਮ ਰਸਮਾਂ ਸਿੱਖ ਰਵਾਇਤਾਂ ਨਾਲ ਕਰਨ ਤੋਂ ਰੋਕ ਦਿੱਤਾ ਸੀ| ਰਾਜ ਕੌਰ ਨੇ ਕਿਹਾ ਕਿ ਪਰਿਵਾਰ ਨੇ ਭਾਵੇਂ ਲਖਬੀਰ ਸਿੰਘ ਦਾ ਸਸਕਾਰ 16 ਅਕਤੂਬਰ ਨੂੰ ਕਰ ਦਿੱਤਾ ਸੀ ਪਰ ਪਰਿਵਾਰ ਨੂੰ ਘਰੋਂ ਬਾਹਰ ਨਾ ਜਾਣ ਦਿੱਤੇ ਜਾਣ ਕਾਰਨ ਅਸਥੀਆਂ ਅਜੇ ਤੱਕ ਵੀ ਜਲ ਪ੍ਰਵਾਹ ਨਹੀਂ ਕੀਤੀਆਂ ਜਾ ਸਕੀਆਂ।
ਰਾਜ ਕੌਰ ਨੇ ਪੁੱਛਿਆ ਕਿ ਜੇਬ੍ਹ ਵਿੱਚ ਸਿਰਫ਼ 50 ਰੁਪਏ ਵਾਲਾ ਵਿਅਕਤੀ ਦਿੱਲੀ ਦੀ ਸਿੰਘੂ ਹੱਦ ਤੱਕ ਕਿਵੇਂ ਪਹੁੰਚ ਗਿਆ| ਉਸ ਦੇ ਤੜਫਦਿਆਂ ਦੀ ਵੀਡੀਓ ਤਾਂ ਵਾਇਰਲ ਹੋ ਗਈ ਹੈ ਪਰ ਉਸ ਵੱਲੋਂ ਕੀਤੀ ਗਈ ਬੇਅਦਬੀ ਦੀ ਵੀਡੀਓ ਪੇਸ਼ ਕਿਉਂ ਨਹੀਂ ਕੀਤੀ ਜਾ ਰਹੀ| ਸਾਰੇ ਪਰਿਵਾਰ ਨੂੰ ਸਿੱਖ ਧਰਮ ਤੋਂ ਵੱਖ ਕਿਉਂ ਕੀਤਾ ਗਿਆ ਹੈ| ਪਰਿਵਾਰ ਦਾ ਸਮਾਜਿਕ ਬਾਈਕਾਟ ਕਿਉਂ ਅਤੇ ਕਿਹੜੇ ਨਿਯਮਾਂ ਨਾਲ ਕੀਤਾ ਗਿਆ ਹੈ| ਇਸੇ ਤਰ੍ਹਾਂ ਸਰਕਾਰੀ ਆਗੂਆਂ ਅਤੇ ਅਧਿਕਾਰੀਆਂ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣਾ ਕਿਉਂ ਠੀਕ ਨਹੀਂ ਸਮਝਿਆ| ਉਸ ਨੇ ਕਿਹਾ ਕਿ ਪਰਿਵਾਰ ਦਾ ਹਾਲ ਪੁੱਛਣ ਆਏ ਕਿਸੇ ਵੀ ਸੰਸਥਾ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਪਿੰਡ ਵਿੱਚ ਪਰਿਵਾਰ ਨੂੰ ਦਿਹਾੜੀ ਨਹੀਂ ਮਿਲ ਰਹੀ ਅਤੇ ਪਰਿਵਾਰ ਦੋ ਵੇਲੇ ਦੀ ਰੋਟੀ ਤੋਂ ਵੀ ਮੁਥਾਜ ਹੋ ਗਿਆ ਹੈ।