ਬਲਵਿੰਦਰ ਰੈਤ
ਨੂਰਪੁਰ ਬੇਦੀ, 19 ਸਤੰਬਰ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਸ਼ਹੀਦ ਹੋਏ ਪਿੰਡ ਝੱਜ ਦੇ ਲਾਂਸ ਨਾਇਕ ਬਲਜੀਤ ਸਿੰਘ ਦਾ ਅੱਜ ਪਿੰਡ ਦੇ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲਾਂਸ ਨਾਇਕ ਬਲਜੀਤ ਸਿੰਘ (29 ਸਾਲ) ਪੁੱਤਰ ਸੰਤੋਖ ਸਿੰਘ, ਜੋ ਭਾਰਤੀ ਫੌਜ ਦੀ 57 ਇੰਜੀਨੀਅਰ ਰੈਜੀਮੈਂਟ ਦੀ 2 ਪੈਰਾ ਸਪੈਸ਼ਲ ਫੋਰਸ ‘ਚ ਤਾਇਨਾਤ ਸੀ, ਮੰਗਲਵਾਰ ਨੂੰ ਉਸ ਸਮੇਂ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਅਰਮਦਾ ਗੱਡੀ ਮਨਜਾਕੋਟੇ ਖੇਤਰ ‘ਚ 200 ਫੁੱਟ ਗਹਿਰੀ ਖਾਈ ‘ਚ ਡਿੱਗ ਗਈ। ਇਸ ਕਾਰਨ ਗੱਡੀ ‘ਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਸੈਨਿਕ ਬਲਜੀਤ ਸਿੰਘ ਦੀ ਇਸ ਹਾਦਸੇ ‘ਚ ਸ਼ਹਾਦਤ ਹੋ ਗਈ।
ਅੱਜ ਸਭ ਤੋਂ ਪਹਿਲਾਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਸੈਨਿਕ ਦੀ ਮ੍ਰਿਤਕ ਦੇਹ ਨੂੰ ਤਿਰੰਗੇ ‘ਚ ਲਪੇਟ ਕੇ ਉਨ੍ਹਾਂ ਦੇ ਗ੍ਰਹਿ ਪਿੰਡ ਝੱਜ ਵਿਖੇ ਲਿਆਂਦਾ। ਨੂਰਪੁਰ ਬੇਦੀ ਤੋਂ ਪਿੰਡ ਝੱਜ ਜਾ ਰਹੀ ਤਿਰੰਗੇ ਵਿੱਚ ਲਿਪਟੇ ਸ਼ਹੀਦ ਦੀ ਮ੍ਰਿਤਕ ਦੇਹ ਦੇ ਕਫਲੇ ਦੇ ਦਰਸ਼ਨ ਕਰਨ ਲਈ ਸੜਕ ਕਿਨਾਰੇ ਖੜ੍ਹੇ ਸਕੂਲੀ ਵਿਦਿਆਰਥੀਆਂ ਨੇ ‘ਸ਼ਹੀਦ ਬਲਜੀਤ ਸਿੰਘ ਅਮਰ ਰਹੇ’ ਦੇ ਨਾਅਰੇ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।
ਸ਼ਹੀਦ ਦੀ ਦੇਹ ਨੂੰ ਸ਼ਮਾਸ਼ਾਨਘਾਟ ਵਿਖੇ ਚੰਡੀਮੰਦਰ ਤੋਂ ਪਹੁੰਚੀ ਸੈਨਿਕ ਟੁਕੜੀ ਨੇ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ। ਪੰਜਾਬ ਸਰਕਾਰ ਦੀ ਤਰਫੋਂ ਪਹੁੰਚੇ ਐੱਸਡੀਐੱਮ ਸ੍ਰੀ ਅਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋਂ, ਨਾਇਬ ਤਹਿਸੀਲਦਾਰ ਰਿਤੂ ਕਪੂਰ, ਡੀਐੱਸਪੀ ਅਜੇ ਸਿੰਘ, ਐੱਸਐੱਚਓ ਗੁਰਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ‘ਚ ਸ਼ਾਮਲ ਵਿਧਾਇਕ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਚੱਢਾ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰ ਕੇ ਸਰਧਾਂਜ਼ਲੀ ਭੇਟੀ ਕੀਤੀ।
ਸੈਨਿਕ ਦੇ ਭਰਾ ਸੁਲੱਖਣ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਸ਼ਹੀਦ ਬਲਜੀਤ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਸ਼ਹੀਦ ਦੀ ਵਿਧਵਾ ਪਤਨੀ ਅਮਨਦੀਪ ਕੌਰ ਤੇ ਮਾਤਾ ਸੁਖਵਿੰਦਰ ਕੌਰ ਵੀ ਗਹਿਰੇ ਸਦਮੇ ਸਨ। ਇਸ ਗਮਗੀਨ ਮਾਹੌਲ ‘ਚ ਹਰ ਇਕ ਵਿਅਕਤੀ ਤੇ ਇਲਾਕੇ ਦੀ ਅੱਖ ਨਮ ਸੀ।