ਮਿਹਰ ਸਿੰਘ
ਕੁਰਾਲੀ, 4 ਸਤੰਬਰ
ਬਲਾਕ ਮਾਜਰੀ ਦੇ ਪਿੰਡ ਚੰਦਪੁਰ ਦੀ ਜ਼ਮੀਨ ਨੂੰ ਲੀਜ਼ ’ਤੇ ਦੇਣ ਦੇ ਮਾਮਲੇ ਸਬੰਧੀ ਪਿੰਡ ਵਾਸੀਆਂ ਦੇ ਇੱਕ ਵਫ਼ਦ ਨੇ ਅੱਜ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਅੰਬਾਲਾ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਰਾਜੇਵਾਲ ਨੇ ਪਿੰਡ ਵਾਸੀਆਂ ਦਾ ਸਾਥ ਦੇਣ ਦਾ ਐਲਾਨ ਕਰਦਿਆਂ ਕਾਨੂੰਨੀ ਚਾਰਾਜੋਈ ਕਰਨ ਦੀ ਸਲਾਹ ਦਿੱਤੀ। ਪਿੰਡ ਚੰਦਪੁਰ ਦੀ ਕਰੀਬ 86 ਏਕੜ ਜ਼ਮੀਨ ਨੂੰ ਲੀਜ਼ ’ਤੇ ਦੇਣ ਲਈ ਪੰਚਾਇਤ ਵਿਭਾਗ ਨੇ ਹਫ਼ਤੇ ਵਿੱਚ ਦੂਜੀ ਵਾਰ ਸੱਤ ਸਤੰਬਰ ਨੂੰ ਬੋਲੀ ਰੱਖ ਦਿੱਤੀ ਹੈ। ਪੰਚਾਇਤ ਵਿਭਾਗ ਵੱਲੋਂ ਇੰਨੀ ਤੇਜ਼ੀ ਨਾਲ ਮੁੜ ਤੋਂ ਬੋਲੀ ਦੀ ਤਾਰੀਕ ਨਿਰਧਾਰਤ ਕਰਨ ਨਾਲ ਪਿੰਡ ਵਾਸੀਆਂ ਵਿੱਚ ਰੋਹ ਹੈ। ਇਸੇ ਰੋਹ ਵਜੋਂ ਪਿੰਡ ਵਾਸੀਆਂ ਦਾ ਇੱਕ ਵਫ਼ਦ ਸਤਨਾਮ ਸਿੰਘ ਦਾਊਂ, ਦਰਸ਼ਨ ਸਿੰਘ ਅਸ਼ੋਕ ਕੁਮਾਰ ਤੇ ਸ਼ੁਭਮ ਗਿਰੀ ਦੀ ਅਗਵਾਈ ਹੇਠ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਮਿਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪੰਚਾਇਤ ਵਿਭਾਗ ਕਰੀਬ 86 ਏਕੜ ਜ਼ਮੀਨ ਭੂ ਮਾਫੀਆ ਨੂੰ ਕੌਡੀਆਂ ਦੇ ਭਾਅ ਦੇ ਰਿਹਾ ਹੈ। ਪੰਚਾਇਤੀ ਜ਼ਮੀਨ ਕਰੀਬ ਪੰਜ ਸੌ ਕਰੋੜ ਰੁਪਏ ਤੋਂ ਵੀ ਵੱਧ ਕੀਮਤ ਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਵਿਭਾਗ ਤੋਂ ਲੈ ਕੇ ਪਿੰਡ ਦੇ ਕੁਝ ਕੁ ਵਿਅਕਤੀ ਭੂ ਮਾਫੀਆ ਨਾਲ ਮਿਲੇ ਹੋਏ ਹਨ, ਜਿਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਰਾਜੇਵਾਲ ਨੇ ਡਾਇਰੈਕਟਰ ਪੰਚਾਇਤ ਨਾਲ ਗੱਲਬਾਤ ਕਰਦਿਆਂ ਸੱਤ ਸਤੰਬਰ ਨੂੰ ਹੋਣ ਵਾਲੀ ਬੋਲੀ ਰੋਕਣ ਲਈ ਕਿਹਾ ਪਰ ਡਾਇਰੈਕਟਰ ਨੇ ਅਜਿਹਾ ਕਰਨ ਤੋਂ ਮੁਨਕਰ ਹੁੰਦਿਆਂ ਬੇਵਸੀ ਪ੍ਰਗਟ ਕੀਤੀ। ਰਾਜੇਵਾਲ ਨੇ ਪੰਜਾਬ ਅਗੇਂਸਟ ਕੁਰਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਸਮੇਤ ਚੰਦਪੁਰ ਦੇ ਵਾਸੀ ਦਰਸ਼ਨ ਸਿੰਘ, ਅਸ਼ੋਕ ਕੁਮਾਰ ਅਤੇ ਸ਼ੁਭਮ ਗਿਰੀ ਨੂੰ ਇਲਾਕੇ ਦੇ ਕਿਸਾਨ ਆਗੂਆਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰ ਕੇ ਸੱਤ ਸਤੰਬਰ ਨੂੰ ਹੋਣ ਵਾਲੀ ਬੋਲੀ ਹਰ ਹੀਲੇ ਰੋੋਕਣ ਅਤੇ ਕਾਨੂੰਨੀ ਚਾਰਾਜੋਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨ ਯੂਨੀਅਨ ਵੱਲੋਂ ਵੀ ਹਰ ਸੰਭਵ ਮਦਦ ਅਤੇ ਸਾਥ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਫ਼ਿਲਮਾਂ ਵਾਲਿਆਂ ਜਾਂ ਕਿਸੇ ਸੰਸਥਾ ਨੇ ਕੋਈ ਫਿਲਮ ਸਿਟੀ ਬਣਾਉਣੀ ਹੈ ਤਾਂ ਫਿਲਮ ਸਿਟੀ ਬਣਾਉਣ ਵਾਲੇ ਜ਼ਮੀਨ ਖੁਦ ਖਰੀਦ ਸਕਦੇ ਹਨ।