ਆਤਿਸ਼ ਗੁਪਤਾ
ਚੰਡੀਗੜ੍ਹ, 16 ਮਾਰਚ
‘ਆਪ’ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਕ ਨਵੇਂ ਬਦਲ ਦਾ ਨਾਅਰਾ ਦਿੱਤਾ, ਉਸੇ ਸਦਕਾ ਪੰਜਾਬੀਆਂ ਨੇ ਵੱਡੀ ਗਿਣਤੀ ਵੋਟਾਂ ਪਾ ਕੇ ‘ਆਪ’ ਨੂੰ ਪੰਜਾਬ ਵਿੱਚ 92 ਸੀਟਾਂ ’ਤੇ ਕਾਬਜ਼ ਕੀਤਾ ਹੈ। ਪੰਜਾਬ ਵਿੱਚ ਇਤਿਹਾਸਕ ਜਿੱਤ ਹਾਸਲ ਕਰਨ ਮਗਰੋਂ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਲੋਕ ਆਪ ਮੁਹਾਰੇ ਉਥੇ ਪਹੁੰਚੇ। ਇਸ ਦੇ ਨਾਲ ਹੀ ਭਗਵੰਤ ਮਾਨ ਦੇ ਪਿੰਡ ਸਤੋਜ, ਜ਼ਿਲ੍ਹਾ ਸੰਗਰੂਰ ਤੋਂ ਵੀ ਵੱਡੀ ਗਿਣਤੀ ਲੋਕ ਸਮਾਗਮ ਵਿੱਚ ਪਹੁੰਚੇ। ਪਿੰਡ ਵਾਸੀਆਂ ਵਿੱਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦਾ ਚਾਅ ਸਪੱਸ਼ਟ ਝਲਕ ਰਿਹਾ ਸੀ। ਲੋਕਾਂ ਨੇ ਨੱਚ-ਟੱਪ ਕੇ ਖੁਸ਼ੀ ਮਨਾਈ।
ਇਸ ਮੌਕੇ ਨੌਜਵਾਨਾਂ ਨੇ ਬਸੰਤੀ ਰੰਗ ਦੀਆਂ ਪੱਗਾਂ ਅਤੇ ਔਰਤਾਂ ਨੇ ਬਸੰਤੀ ਰੰਗ ਦੇ ਦੁਪੱਟੇ ਲਏ ਹੋਏ ਸਨ, ਜਿਨ੍ਹਾਂ ਦੇ ਜਲੌਅ ਨਾਲ ਖਟਕੜ ਕਲਾਂ ਦੀ ਧਰਤੀ ਬਸੰਤੀ ਰੰਗ ’ਚ ਰੰਗੀ ਗਈ। ਇਸ ਮੌਕੇ ਵੱਡੀ ਗਿਣਤੀ ਲੋਕ ਭਗਤ ਸਿੰਘ ਦੀ ਤਸਵੀਰ ਅਤੇ ਕੌਮੀ ਝੰਡੇ ਲੈ ਕੇ ਖੁਸ਼ੀ ਵਿੱਚ ਝੂਮਦੇ ਦਿਖਾਈ ਦਿੱਤੇ। ਉਕਤ ਲੋਕਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਨੇ ਸ਼ਹੀਦਾਂ ਦੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ ਹੈ ਤੇ ਸ਼ਹੀਦਾਂ ਦੇ ਦਿਖਾਏ ਰਾਹ ’ਤੇ ਚੱਲ ਕੇ ਹੀ ਪੰਜਾਬ ਦੀ ਧਰਤੀ ਨੂੰ ਬਚਾਇਆ ਜਾ ਸਕਦਾ ਹੈ। ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਲੋਕਾਂ ’ਚ ਨਵੇਕਲਾ ਜੋਸ਼ ਅਤੇ ਉਤਸ਼ਾਹ ਦਿਖਾਈ ਦੇ ਰਿਹਾ ਸੀ।
ਸਵੇਰੇ ਹੀ ਲੋਕ ਇਸ ਸਮਾਗਮ ਵਾਲੀ ਥਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਸਮਾਗਮ ਵਿੱਚ ਭਗਵੰਤ ਮਾਨ ਦੁਪਹਿਰ 1.18 ਮਿੰਟ ’ਤੇ ਪਹੁੰਚੇ ਤੇ 1.38 ਮਿੰਟ ’ਤੇ ਆਪਣੇ ਭਾਸ਼ਣ ਮਗਰੋਂ ਚਲੇ ਗਏ। ਉੱਧਰ ਸਮਾਗਮ ਮਗਰੋਂ ਖਟਕੜ ਕਲਾਂ ਵਿੱਚ ਲੰਮਾ ਜਾਮ ਲੱਗ ਗਿਆ। ਲੋਕਾਂ ਨੂੰ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਵਾਹਨ ਕੱਢਣ ਦਾ ਮੌਕਾ ਮਿਲਿਆ।
ਸਮਾਗਮ ਕਰਕੇ ਕਈ ਥਾਵਾਂ ’ਤੇ ਗੰਦਗੀ ਪੱਸਰ ਗਈ ਸੀ। ਇਸ ਨੂੰ ਸਮਾਗਮ ਖਤਮ ਹੋਣ ਤੋਂ ਬਾਅਦ ਤੁਰੰਤ ਸਾਫ਼ ਕਰਵਾ ਦਿੱਤਾ ਗਿਆ ਤਾਂ ਜੋ ਸ਼ਹੀਦਾਂ ਦੇ ਦਿਖਾਏ ਰਾਹ ਦੀ ਸ਼ੁਰੂਆਤ ਇਸੇ ਥਾਂ ਤੋਂ ਕੀਤੀ ਜਾ ਸਕੇ।
ਲੋਕਾਂ ਨੇ ਆਸਾਂ ਨਾਲ ਵੇਖਿਆ ਸਹੁੰ ਚੁੱਕ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਮਾਰਚ
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ’ਚ ਸਹੁੰ ਸਮਾਗਮ ਵਿੱਚ ਪੰਜਾਬ ਭਰ ਤੋਂ ਪਹੁੰਚੇ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ। ਹਰ ਪਾਸੇ ਬਸੰਤੀ ਪੱਗਾਂ ਤੇ ਚੁੰਨੀਆਂ ਦਾ ਠਾਠਾਂ ਮਾਰਦਾ ਇਕੱਠ ਸੀ। ਲੋਕਾਂ ਦੇ ਖਿੜੇ ਚਿਹਰਿਆਂ ਤੋਂ ਉਨ੍ਹਾਂ ਦੇ ਅੰਦਰਲੇ ਉਤਸ਼ਾਹ ਤੇ ਉਮੀਦਾਂ ਦਾ ਪਤਾ ਲੱਗਦਾ ਸੀ। ਇਥੇ ਪੁੱਜੇ ਲੋਕਾਂ ਨੇ ਆਸ ਪ੍ਰਗਟਾਈ ਕਿ ਹੁਣ ਪੰਜਾਬ ਬਦਲੇਗਾ ਅਤੇ ਬੇਰੁਜ਼ਗਾਰੀ, ਕਿਸਾਨਾਂ ਦਾ ਕਰਜ਼ਾ, ਨਸ਼ਿਆਂ ਦਾ ਖਾਤਮਾ ਤੇ ਅੰਨ੍ਹੇਵਾਹ ਹੋ ਰਹੇ ਪਰਵਾਸ ਨੂੰ ਠੱਲ੍ਹ ਪਵੇਗੀ।
ਭਦੌੜ, ਮਾਨਸਾ ਤੇ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ ’ਚੋਂ ਆਈਆਂ ਔਰਤਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਲਿਆਉਣ ’ਚ ਕਿਸਾਨੀ ਅੰਦੋਲਨ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਰਵਾਇਤੀ ਪਾਰਟੀਆਂ ਤੋਂ ਉਮੀਦ ਟੁੱਟ ਚੁੱਕੀ ਸੀ। ਆਮ ਆਦਮੀ ਪਾਰਟੀ ਨੇ ਇਸ ਉਮੀਦ ਨੂੰ ਜਗਾਇਆ ਤੇ ਭਰੋਸਾ ਪੈਦਾ ਕੀਤਾ ਹੈ। ਭਦੌੜ ਹਲਕੇ ਦੀ ਬਚਨ ਕੌਰ (62) ਦਾ ਕਹਿਣਾ ਸੀ ਕਿ ਉਸ ਨੇ ਪੰਜਾਬ ਵਿੱਚ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ, ਪਰ ਸਿਆਸੀ ਤੌਰ ’ਤੇ ਹੁਣ ਜਿਹੜਾ ਬਦਲਾਅ ਆਇਆ ਹੈ, ਇਸ ਤੋਂ ਲੋਕਾਂ ਨੂੰ ਬਿਹਤਰ ਭਵਿੱਖ ਦੀ ਉਮੀਦ ਬੱਝੀ ਹੈ।
ਸ੍ਰੀ ਹਰਿਗੋਬਿੰਦਪੁਰ ਤੋਂ ਆਏ ਕਿਸਾਨ ਰਵਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਪੱਸ਼ਟ ਤੌਰ ’ਤੇ ਪਤਾ ਹੈ ਕਿ ਪੰਜਾਬ ਸਿਰ ਚੜ੍ਹਿਆ ਤਿੰਨ ਲੱਖ ਕਰੋੜ ਦਾ ਕਰਜ਼ਾ ਭਗਵੰਤ ਮਾਨ ਦੀ ਸਰਕਾਰ ਕੋਲੋਂ ਉਤਾਰਿਆ ਨਹੀਂ ਜਾਣਾ, ਪਰ ਉਮੀਦ ਇਹ ਬੱਝੀ ਹੈ ਕਿ ਹੁਣ ਉਨ੍ਹਾਂ ਦੀਆਂ ਫ਼ਸਲਾਂ ਮੰਡੀਆਂ ਵਿੱਚ ਨਹੀਂ ਰੁਲਣਗੀਆਂ। ਰਵਜੋਤ ਸਿੰਘ ਨੇ ਕਿਹਾ ਕਿ ਜੇ ਫ਼ਸਲਾਂ ਦਾ ਭਾਅ ਹੀ ਸਹੀ ਮਿਲਦਾ ਰਹੇ ਤਾਂ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਉਤਾਰ ਲੈਣਗੇ।
ਮੋਗਾ ਹਲਕੇ ਤੋਂ ਆਈ ਕਸ਼ਮੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਉਸ ਨੇ ਕਿਹਾ ਕਿ ਅਸੀਂ ਤਾਂ ‘ਆਪ’ ਨੂੰ ਪ੍ਰਚੰਡ ਬਹੁਮੱਤ ਨਾਲ ਜਿਤਾਇਆ ਹੈ, ਹੁਣ ਨੌਕਰੀ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਭਿੱਖੀਵਿੰਡ ਤੋਂ ਆਏ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਕਾਂਗਰਸ ਦੇ ਸਮਰਥਕ ਰਹੇ ਹਨ, ਪਰ ਹੁਣ ਉਨ੍ਹਾਂ ਦੀ ਉਧਰੋਂ ਆਸ ਟੁੱਟ ਚੁੱਕੀ ਹੈ। ਉਨ੍ਹਾਂ ਉਮੀਦ ਜਤਾਈ ਕਿ ‘ਆਪ’ ਦੀ ਸਰਕਾਰ ਲੋਕਾਂ ਨੂੰ ਨਿੱਜੀ ਸਕੂਲਾਂ ਦੀ ਲੁੱਟ ਤੋਂ ਬਚਾਵੇਗੀ। ਜਗਤਾਰ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਬਾਖੂਬੀ ਜਾਣਦੇ ਹਨ। ਸਮਾਗਮ ਵਿੱਚ ਸ਼ਾਮਲ ਔਰਤਾਂ ਨੇ ਜਿਥੇ ਬੱਚਿਆਂ ਦੇ ਭਵਿੱਖ ਦੀ ਤੇ ਉਨ੍ਹਾਂ ਵਿੱਚ ਪੈਦਾ ਹੋਈ ਸਿਆਸੀ ਸਮਝ ਦੀ ਗੱਲ ਕੀਤੀ ਉਥੇ ਨੌਜਵਾਨਾਂ ਨੇ ਪੰਜਾਬ ਵਿੱਚੋਂ ਵੱਡੀ ਪੱਧਰ ’ਤੇ ਹੋ ਰਹੇ ਪਰਵਾਸ ’ਤੇ ਚਿੰਤਾ ਪ੍ਰਗਟਾਈ। ਐੱਨਆਰਆਈਜ਼ ਦੀ ਨਬਜ਼ ’ਤੇ ਹੱਥ ਰੱਖਣ ਵਾਲੇ ਭਗਵੰਤ ਮਾਨ ਤੋਂ ਉਨ੍ਹਾਂ ਨੂੰ ਉਮੀਦਾਂ ਹਨ ਕਿ ਉਹ ਇਸ ਨੂੰ ਮੋੜਾ ਦੇ ਸਕਣ। ਲੋਕਾਂ ਦਾ ਕਹਿਣਾ ਸੀ ਕਿ ਸਾਡੇ ਪਿੰਡਾਂ ਵਿੱਚੋਂ ਨਸ਼ਿਆਂ ਦਾ ਕੋਹੜ ਮੁੱਕੇ ਤੇ ਘਰਾਂ ਵਿੱਚ ਰੌਣਕਾਂ ਪਰਤਣ, ਇਸ ਉਮੀਦ ਨਾਲ ਹੀ ਉਹ ਖਟਕੜ ਕਲਾਂ ਆਏ ਹਨ।