ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਅਪਰੈਲ
ਸਰਕਾਰੀ ਜ਼ਮੀਨ ਘੁਟਾਲੇ ਦੇ ਮਾਮਲੇ ’ਚ 9 ਸਾਲ ਪਹਿਲਾਂ ਮੁਲਜ਼ਮ ਕਰਾਰ ਦਿੱਤੇ ਜਾ ਚੁੱਕੇ ਐੱਸਡੀਐੱਮ (ਸੇਵਾਮੁਕਤ) ਗੁਰਜੀਤ ਸਿੰਘ ਪੰਨੂ, ਸਹਾਇਕ ਦਫ਼ਤਰ ਕਾਨੂੰਨਗੋ ਬਿਰਮ ਲਾਲ (ਸੇਵਾਮੁਕਤ) ਅਤੇ ਕਾਨੂੰਨਗੋ ਗੁਰਦਿਆਲ ਸਿੰਘ (ਸੇਵਾਮੁਕਤ) ਨੂੰ ਥਾਣਾ ਸਦਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੁਰਦਿਆਲ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ 9 ਮੁਲਜ਼ਮਾਂ ਵਿੱਚੋਂ ਦੋ ਪਹਿਲਾਂ ਗ੍ਰਿਫ਼ਤਾਰ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੀ 15 ਏਕੜ 9 ਮਰਲੇ ਜ਼ਮੀਨ ਦੀ ਕੀਮਤ ਕਰੋੜਾਂ ਵਿੱਚ ਹੈ, ਜਿਸਨੂੰ ਕਿ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਸਰਕਾਰੀ ਰਿਕਾਰਡ ਵਿੱਚ ਕਥਿਤ ਹੇਰਾਫ਼ੇਰੀ ਕਰਕੇ ਆਸਾ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਕੌਡੀਆਂ ਦੇ ਭਾਅ ਅੱਗੇ ਵੇਚ ਦਿੱਤਾ ਸੀ। ਸ਼ਹਿਰ ’ਚ ਸਥਿਤ ਪੁਰਾਣੇ ਟੀਬੀ ਹਸਪਤਾਲ ਦੇ ਪਿੱਛੇ ਸਥਿਤ ਇਸ ਜ਼ਮੀਨ ਦਾ ਮਾਮਲਾ ਜਦੋਂ ਸੀਨੀਅਰ ਅਫ਼ਸਰਾਂ ਦੇ ਧਿਆਨ ਵਿੱਚ ਆਇਆ ਤਾਂ ਤਤਕਾਲੀ ਡਿਪਟੀ ਕਮਿਸ਼ਨਰ ਨੇ ਇਸ ਦੀ ਪੜਤਾਲ ਉਸ ਵਕਤ ਦੇ ਐੱਸਡੀਐੱਮ ਗੁਰਜੀਤ ਸਿੰਘ ਪੰਨੂ ਨੂੰ ਸੌਂਪ ਦਿੱਤੀ। ਪੰਨੂ ਜੋ ਖ਼ੁਦ ਇਸ ਮਾਮਲੇ ਵਿੱਚ ਮੁਲਜ਼ਮ ਸੀ, ਉਸਨੇ ਪੜਤਾਲ ਦੌਰਾਨ ਮਾਲ ਮਹਿਕਮੇ ਦੇ ਕੁਝ ਕਰਮਚਾਰੀਆਂ ਨੂੰ ਮੁਲਜ਼ਮ ਕਰਾਰ ਦੇ ਕੇ ਜਾਂਚ ਰਿਪੋਰਟ ਡੀਸੀ ਨੂੰ ਸੌਂਪ ਦਿੱਤੀ। ਇਸ ਦੌਰਾਨ ਹਰਜਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਇਸਦੀ ਸੀਬੀਆਈ ਜਾਂਚ ਦੀ ਮੰਗ ਕਰ ਦਿੱਤੀ ਤਾਂ ਮਾਮਲਾ ਉਲਝ ਗਿਆ ਤੇ ਇਸ ਦੀ ਪੜਤਾਲ ਨਵੇਂ ਸਿਰਿਉਂ ਕਰਵਾਈ ਗਈ। ਨਵੀਂ ਪੜਤਾਲ ਦੀ ਰਿਪੋਰਟ ਆਉਣ ਤੋਂ ਬਾਅਦ ਤਤਕਾਲੀ ਡਿਪਟੀ ਕਮਿਸ਼ਨਰ ਐੱਸ ਕਰੁਨਾ ਰਾਜੂ ਵੱਲੋਂ ਪ੍ਰਾਈਵੇਟ ਵਿਅਕਤੀ ਆਸਾ ਸਿੰਘ, ਐੱਸਡੀਐੱਮ ਗੁਰਜੀਤ ਸਿੰਘ ਪੰਨੂ ਸਣੇ ਸੇਲ ਕਲਰਕ ਗੁਰਮੀਤ ਕੌਰ, ਪਟਵਾਰੀ ਅਸ਼ੋਕ ਕੁਮਾਰ, ਨਾਇਬ ਤਹਿਸੀਲਦਾਰ ਮਦਨ ਮੋਹਨ, ਸਹਾਇਕ ਦਫ਼ਤਰ ਕਾਨੂੰਨਗੋ ਬਿਰਮ ਲਾਲ, ਦਫ਼ਤਰ ਕਾਨੂੰਗੋ ਗੁਰਦਿਆਲ ਸਿੰਘ, ਕਾਨੂੰਨਗੋ ਬਲਵੰਤ ਸਿੰਘ ਤਤਕਾਲੀ ਐੱਸਡੀਐੱਮ ਭੁਪਿੰਦਰ ਸਿੰਘ ਅਤੇ ਐੱਸਡੀਐੱਮ (ਸੇਵਾਮੁਕਤ) ਗੁਰਜੀਤ ਸਿੰਘ ਪੰਨੂ ਨੂੰ ਮੁਲਜ਼ਮ ਕਰਾਰ ਦੇ ਦਿੱਤਾ ਗਿਆ। ਇਹਨਾਂ ਖ਼ਿਲਾਫ਼ ਆਈਪੀਸੀ ਦੀਆਂ ਕਈ ਧਾਰਾਵਾਂ ਅਧੀਨ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ। ਬਾਅਦ ਵਿੱਚ ਨਾਇਬ ਤਹਿਸੀਲਦਾਰ ਮਦਨ ਮੋਹਨ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਜਿਸਦੀ ਹੁਣ ਮੌਤ ਹੋ ਚੁੱਕੀ ਹੈ। ਹਲਕਾ ਪਟਵਾਰੀ ਅਸ਼ੋਕ ਕੁਮਾਰ ਦੀ ਵੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਐੱਸਡੀਐੱਮ ਗੁਰਜੀਤ ਸਿੰਘ ਪੰਨੂ ਸੇਵਾਮੁਕਤ ਹੋਣ ਤੋਂ ਬਾਅਦ ਖਪਤਕਾਰ ਫ਼ੋਰਮ ਦਾ ਜੱਜ ਰਹਿ ਚੁੱਕਾ ਹੈ। ਉਸਦਾ ਲੜਕਾ ਪੰਜਾਬੀ ਗਾਇਕ ਹੈ।