ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 22 ਦਸੰਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਬੀਤੇ ਦਿਨ ਅਖੰਡ ਪਾਠ ਦੇ ਭੋਗ ਮੌਕੇ ਕੀਤੀ ਸ਼ਮੂਲੀਅਤ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਆਦੇਸ਼ਾਂ ’ਤੇ ਫਲਾਇੰਗ ਵਿਭਾਗ ਦੀ ਟੀਮ ਨੇ ਇੰਸਪੈਕਟਰ ਸਤਨਾਮ ਸਿੰਘ ਰਿਆੜ ਦੀ ਅਗਵਾਈ ਹੇਠ ਅੱਜ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਟੀਮ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਮਦਦ ਰਾਹੀਂ ਇਹ ਜਾਣਕਾਰੀ ਹਾਸਲ ਕੀਤੀ ਗਈ ਕਿ ਸ੍ਰੀ ਲੰਗਾਹ ਗੁਰਦੁਆਰੇ ਵਿੱਚ ਕਿੰਨੇ ਵਜੇ ਤੇ ਕਿਵੇਂ ਪੁੱਜੇ ਸਨ। ਸੂਤਰਾਂ ਅਨੁਸਾਰ ਅਖੰਡ ਪਾਠ 19 ਦਸੰਬਰ ਨੂੰ ਆਰੰਭ ਹੋਇਆ ਸੀ, ਜਿਸ ਦਾ ਭੋਗ 21 ਦਸੰਬਰ ਨੂੰ ਪਿਆ ਪਰ ਸ੍ਰੀ ਲੰਗਾਹ 21 ਦਸੰਬਰ ਦੇ ਪ੍ਰੋਗਰਾਮ ਵਿੱਚ ਹੀ ਪੁੱਜੇ ਸਨ। ਕੈਮਰੇ ਰਾਹੀਂ ਪਤਾ ਲੱਗਾ ਕਿ ਲੰਗਾਹ ਨੇ ਦਰਸ਼ਨੀ ਡਿਉਢੀ ਦੇ ਬਾਹਰ ਗੱਡੀ ਖੜ੍ਹੀ ਕਰ ਕੇ ਮੂੰਹ ਢਕਿਆ ਹੋਇਆ ਸੀ ਅਤੇ ਸਿੱਧੇ ਭੋਰਾ ਸਾਹਿਬ ਵਿਖੇ ਹੀ ਦਾਖ਼ਲ ਹੋਏ।
ਸੂਚਨਾ ਅਨੁਸਾਰ ਜਾਂਚ ਟੀਮ ਨੇ ਪਾਠ ਕਰਨ ਵਾਲੇ ਆਰਜ਼ੀ ਪਾਠੀ ਸਿੰਘਾਂ ਅਤੇ ਗੁਰਦੁਆਰੇ ਦੇ ਹੋਰ ਮੁਲਾਜ਼ਮਾਂ ਦੇ ਵੀ ਬਿਆਨ ਕਲਮਬੰਦ ਕੀਤੇ, ਜਿਸ ਦੌਰਾਨ ਇਹ ਵੀ ਸਪੱਸ਼ਟ ਹੋਇਆ ਕਿ ਲੰਗਾਹ ਵੱਲੋਂ 2015 ਤੋਂ ਹਰ ਸਾਲ ਪਾਠ ਕਰਵਾਇਆ ਜਾਂਦਾ ਹੈ ਅਤੇ ਇਹ ਪਾਠ ਵੀ ਉਨ੍ਹਾਂ ਨੇ 2015 ਵਿੱਚ ਹੀ ਬੁੱਕ ਕਰਵਾਇਆ ਸੀ।
ਲੰਗਾਹ ਨੂੰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦੈ: ਪੰਜੋਲੀ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸ੍ਰੀ ਲੰਗਾਹ ਨੂੰ ਧਾਰਮਿਕ, ਸਿਆਸੀ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਾ ਹੋਵੇ। ਇੱਥੇ ਵਰਣਨਯੋਗ ਹੈ ਕਿ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕਿਆ ਹੋਇਆ ਹੈ।