ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਫਰਵਰੀ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਸੂਬੇ ਭਰ ’ਚ ਅਮਨ ਸ਼ਾਂਤੀ ਨਾਲ ਵੋਟਾਂ ਭੁਗਤਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਲਈ ਅਤੇ ਸੂਬੇ ’ਚ ਇਮਾਨਦਾਰ ਸਰਕਾਰ ਲਿਆਉਣ ਲਈ ਵੱਡੀ ਗਿਣਤੀ ’ਚ ਮਤਦਾਨ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਆਪਣੇ ਲੋਕਤੰਤਰਿਕ ਫ਼ਰਜ਼ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂ ‘ਆਪ’ ਦੇ ਸਾਰੇ ਵਾਲੰਟੀਅਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਤਨ-ਮਨ ਨਾਲ ਸੇਵਾ ਨਿਭਾਉਣ ਵਾਲੇ ਹਰ ਵਾਲੰਟੀਅਰ ਦੀ ਪਾਰਟੀ ਰਿਣੀ ਹੈ।