ਪਾਲ ਸਿੰਘ ਨੌਲੀ
ਜਲੰਧਰ, 23 ਜੁਲਾਈ
ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੇ ਨਿੱਤ ਨਵੇਂ ਰਿਕਾਰਡ ਬਣ ਰਹੇ ਹਨ ਤੇ ਪ੍ਰਸ਼ਾਸਨ ਉਵੇਂ ਕੰਮ ਨਹੀਂ ਕਰ ਰਿਹਾ ਜਿਵੇਂ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਫਿਲਹਾਲ ਦੇਰ ਆਇਦ ਦਰੁਸਤ ਆਇਦ ਮੁਤਾਬਕ ਕਰੋਨਾ ਮਰੀਜ਼ ਦਾਖਲ ਕਰਨ ਤੋਂ ਇਨਕਾਰ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ’ਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸਿੰਕਜ਼ਾ ਕੱਸ ਦਿੱਤਾ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ 25 ਪ੍ਰਾਈਵੇਟ ਹਸਪਤਾਲਾਂ ਨੂੰ ਕਰੋਨਾ ਦੇ ਮਰੀਜ਼ਾਂ ਲਈ ਬੈੱਡ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤੇ ਇਸ ਕੰਮ ’ਤੇ ਨਜ਼ਰਸਾਨੀ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੂੰ ਨੋਡਲ ਅਫਸਰ ਨਿਯੁਕਤ ਕਰ ਦਿੱਤਾ ਹੈ। 25 ਹਸਪਤਾਲਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਤੇ ਉਥੇ ਕਰੋਨਾ ਦੇ ਲੈਵਲ-2 ਤੇ ਲੈਵਲ -3 ਦੇ ਮਰੀਜ਼ਾਂ ਨੂੰ ਦਾਖਲ ਕਰਵਾਇਆ ਜਾਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਘਣਸ਼ਿਆਮ ਥੋਰੀ ਨੇ ਪ੍ਰਸ਼ਾਸਨ ਤੇ ਮੈਡੀਕਲ ਅਫਸਰ ਦੀ ਟੀਮ ਬਣਾ ਕੇ ਹਰ ਹਸਪਤਾਲ ’ਚ ਇੰਤਜ਼ਾਮ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਨੇ ਏਡੀਸੀ ਵਿਕਾਸ ਤੋਂ ਰਿਪੋਰਟ ਮੰਗੀ ਹੈ ਕਿ ਉਹ ਪਤਾ ਕਰਨ ਕਿ ਕਿਹੜੇ ਹਸਪਤਾਲ ਵੱਲੋਂ ਆਕਸੀਜਨ ਤੇ ਵੈਂਟੀਲੇਟਰ ਵਾਲੇ ਕਿੰਨੇ-ਕਿੰਨੇ ਬੈੱਡ ਦੀ ਸਹੂਲਤ ਦਿੱਤੀ ਜਾ ਰਹੀ ਹੈ।