ਲਖਵਿੰਦਰ ਸਿੰਘ
ਮਲੋਟ, 20 ਫਰਵਰੀ
ਇੱਥੇ ਬਿਰਲਾ ਰੋਡ ’ਤੇ ਬਣੇ ਇਕ ਪੋਲਿੰਗ ਬੂਥ ਦੇ ਪਿਛਲੇ ਪਾਸੇ ਸਥਿਤ ਇਕ ਮੁਹੱਲੇ ਵਿੱਚ ਵੋਟ ਪੋਲਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਅਕਾਲੀ ਦਲ ਦੇ ਕਾਰਕੁਨਾਂ ’ਤੇ ਵੋਟਾਂ ਦੀ ਖਰੀਦੋ-ਫਰੋਖਤ ਕਰਨ ਦੇ ਦੋਸ਼ ਲਾਏ ਹਨ। ‘ਆਪ’ ਆਗੂਆਂ ਨੇ ਅਕਾਲੀ ਵਰਕਰਾਂ ਉੱਤੇ ਹੱਥੋਪਾਈ ਦੇ ਦੋਸ਼ ਵੀ ਲਾਏ ਹਨ। ਮਾਮਲਾ ਭਖ਼ਦਾ ਦੇਖ ਪੋਲਿੰਗ ਬੂਥ ਦੇ ਬਾਹਰ ਵੱਡੀ ਗਿਣਤੀ ਵਿੱਚ ਅਕਾਲੀ, ਕਾਂਗਰਸੀ ਅਤੇ ‘ਆਪ’ ਦੇ ਸਮਰਥਕ ਇਕੱਠੇ ਹੋ ਗਏ। ਇਸ ਦੌਰਾਨ ਭੀੜ ਨੂੰ ਖਦੇੜਨ ਅਤੇ ਸਥਿਤੀ ਕਾਬੂ ਹੇਠ ਕਰਨ ਲਈ ਡੀਐੱਸਪੀ ਜਸਪਾਲ ਸਿੰਘ ਤੇ ਥਾਣਾ ਮੁਖੀ ਚੰਦਰ ਸ਼ੇਖਰ ਦੀ ਅਗਵਾਈ ਹੇਠ ਪੁਲੀਸ ਨੇ ਲਾਠੀਚਾਰਜ ਕੀਤਾ। ਇਸੇ ਦੌਰਾਨ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਜਸਵਿੰਦਰ ਸਿੰਘ ਨੇ ਚੋਣ ਅਮਲੇ ’ਤੇ ‘ਚੈਲੇਂਜ ਫਾਰਮ’ ਨਾ ਦੇਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਡੀਏਵੀ ਕਾਲਜ ਵਿੱਚ ਸਥਿਤ ਇੱਕ ਪੋਲਿੰਗ ਬੂਥ ਵਿੱਚ ਪੋਲ ਹੋਈ ਇੱਕ ਫਰਜ਼ੀ ਵੋਟ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਮੌਕੇ ’ਤੇ ਪੋਲਿੰਗ ਅਧਿਕਾਰੀ ਤੋਂ ‘ਚੈਲੇਂਜ ਫਾਰਮ’ ਮੰਗਿਆ ਸੀ।
ਬਠਿੰਡਾ (ਪੱਤਰ ਪ੍ਰੇਰਕ): ਇੱਥੇ ਮੰਡੀਕਰਨ ਬੋਰਡ ਦੇ ਦਫ਼ਤਰ ਨਜ਼ਦੀਕ ਸ਼ਾਮ ਪੰਜ ਵਜੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਕਾਂਗਰਸੀ ਕੌਂਸਲਰਾਂ ਉੱਪਰ ਵੋਟਾਂ ਦੀ ਖਰੀਦੋ-ਫ਼ਰੋਖਤ ਦੇ ਦੋਸ਼ ਲਗਾਏੇ। ਮੌਕੇ ’ਤੇ ਮੌਜੂਦ ਕਾਂਗਰਸੀ ਕੌਂਸਲਰਾਂ ਸ਼ਾਮ ਲਾਲ ਜੈਨ ਤੇ ਕਾਂਗਰਸੀ ਕੌਂਸਲਰ ਦੇ ਪਤੀ ਅਸ਼ਵਨੀ ਬੰਟੀ ਦੇ ਸਮਰਥਕਾਂ ਨੇ ਨੰਬਰਦਾਰ ਨੂੰ ਘੇਰ ਲਿਆ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਪੁਲੀਸ ਮੁਲਾਜ਼ਮਾਂ ਨੇ ਮਸਾਂ ਭਾਜਪਾ ਉਮੀਦਵਾਰ ਨੂੰ ਗੱਡੀ ’ਚ ਬਿਠਾਇਆ। ਇਸ ਦੌਰਾਨ ਕਾਂਗਰਸੀ ਸਮਰਥਕਾਂ ਨੇ ਰਾਜ ਨੰਬਰਦਾਰ ਦੀਆਂ ਗੱਡੀਆਂ ਅੱਗੇ ਹੋ ਗਏ। ਪੁਲੀਸ ਨੂੰ ਹਲਕਾ ਲਾਠੀਚਾਰਜ ਕਰਕੇ ਕਾਂਗਰਸੀ ਸਮਰਥਕਾਂ ਨੂੰ ਖਿੰਡਾਉਣਾ ਪਿਆ। ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੇ ਦੱਸਿਆ ਕਿ ਕਾਂਗਰਸੀ ਕੌਂਸਲਰ ਜੈਨ ’ਤੇ ਵੋਟਾਂ ਦੀ ਖਰੀਦੋ-ਫ਼ਰੋਖ਼ਤ ਕਰ ਰਹੇ ਸਨ ਤੇ ਉਹ ਸੂਚਨਾ ਮਿਲਣ ’ਤੇ ਮੌਕੇ ਉਪਰ ਪੁੱਜੇ ਸਨ ਪਰ ਉਥੇ ਕਾਂਗਰਸੀ ਸਮਰਥਕਾਂ ਨੇ ਉਸ ਨੂੰ ਘੇਰ ਲਿਆ।