ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਦਸੰਬਰ
ਮਹਿਲਾਵਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ ਦੇ ਮਕਸਦ ਨਾਲ ਮਹਿਲਾ ਕਾਂਗਰਸ ਵੱਲੋਂ ‘ਧੀ ਪੰਜਾਬ ਦੀ ਆਪਣਾ ਹੱਕ ਜਾਣਦੀ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਇੱਥੇ ਮਹਿਲਾ ਕਾਂਗਰਸ ਦੀ ਇੱਕ ਮੀਟਿੰਗ ਪੰਜਾਬ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਪ੍ਰਿਤਪਾਲ ਕੌਰ ਬਡਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਮੁਹਿੰਮ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਸੰਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਹਿਲਾ ਕਾਂਗਰਸ ਵੱਲੋਂ ਤਿਆਰੀ ਵਿੱਢ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ ਲਈ ਪਾਰਟੀ ਦੀ ਕੌਮੀ ਆਗੂ ਪ੍ਰਿਯੰਕਾ ਗਾਂਧੀ ਵੱਲੋਂ ‘ਧੀ ਪੰਜਾਬ ਦੀ ਆਪਣਾ ਹੱਕ ਜਾਣਦੀ’ ਦੇ ਸਿਰਲੇਖ ਹੇਠ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਭਰ ਵਿਚ ਪਾਰਟੀ ਪੱਧਰ ’ਤੇ ਮਹਿਲਾਵਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਦੀ ਮੁਹਿੰਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਰਾਜਨੀਤੀ ਵਿਚ ਸਰਗਰਮੀ ਨਾਲ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬ ਵਿਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ ਜਿਸ ਵਿਚ ਪ੍ਰਿਯੰਕਾ ਗਾਂਧੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇੇ ਮਹਿਲਾਵਾਂ ਨੂੰ ਲਾਮਬੰਦ ਕਰਨਗੀ।
ਉੱਧਰ, ਪੰਜਾਬ ਮਹਿਲਾ ਕਾਂਗਰਸ ਦੇ ਕੋਆਰਡੀਨੇਟਰ ਪ੍ਰਿਤਪਾਲ ਕੌਰ ਬਡਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮਹਿਲਾਵਾਂ ਨੂੰ ਅੱਗੇ ਵਧਣ ਦੇ ਕਈ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਮਹਿਲਾਵਾਂ ਹਰ ਖੇਤਰ ਵਿਚ ਪੁਰਸ਼ਾਂ ਦੇ ਮੁਕਾਬਲੇ ਅੱਗੇ ਵਧ ਰਹੀਆਂ ਹਨ ਕਿਉਂਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਮਹਿਲਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਸੁਖਜੀਤ ਕੌਰ ਪ੍ਰਧਾਨ ਜ਼ਿਲ੍ਹਾ ਬਰਨਾਲਾ, ਰਣਜੀਤ ਕੌਰ ਚੰਨੋ, ਗੁਰਮੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਰਖਵਿੰਦਰ ਕੌਰ, ਗੁਰਪ੍ਰੀਤ ਕੌਰ ਤੇ ਪ੍ਰਵੀਨ ਕਾਂਗੜਾ ਆਦਿ ਵੀ ਹਾਜ਼ਰ ਸਨ।