ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਮੈਗਾ ਰੁਜ਼ਗਾਰ ਕੈਂਪ ਲਾਉਣ ਦੀ ਸ਼ੁਰੂਆਤ ਪਹਿਲੇ ਪੜਾਅ ’ਚ ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਕੀਤੀ ਗਈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਲਗਾਏ ਗਏ ਕੈਂਪ ਵਿੱਚ 370 ਤੋਂ ਵੱਧ ਮਹਿਲਾ ਉਮੀਦਵਾਰਾਂ ਨੇ 12 ਕੰਪਨੀਆਂ ਵਿੱਚ ਨੌਕਰੀਆਂ ਲਈ ਇੰਟਰਵਿਊ ਦਿੱਤਾ। ਇਸ ਦੌਰਾਨ 88 ਲੜਕੀਆਂ ਦੀ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਲਈ ਰਜਿਸਟਰੇਸ਼ਨ ਕੀਤੀ ਗਈ। 241 ਉਮੀਦਵਾਰਾਂ ਨੂੰ ਇੰਟਰਵਿਊ ਲਈ ਚੁਣਿਆ ਗਿਆ ਅਤੇ 8 ਨੂੰ ਨੌਕਰੀ ਪੱਤਰ ਵੀ ਦਿੱਤੇ। ਗੁਰਦਾਸਪੁਰ ’ਚ ਮੈਗਾ ਪਲੇਸਮੈਂਟ ਕੈਂਪ ਦੌਰਾਨ 465 ਔਰਤਾਂ ਨੇ ਭਾਗ ਲਿਆ, ਜਿੱਥੇ 356 ਔਰਤਾਂ ਦੀ ਚੋਣ ਕੀਤੀ ਗਈ। ਹੁਸ਼ਿਆਰਪੁਰ ’ਚ 1500 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 204 ਉਮੀਦਵਾਰਾਂ ਨੂੰ ਮੌਕੇ ’ਤੇ ਰੱਖਿਆ ਗਿਆ।