ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿੱਚ ਵਿਜੀਲੈਂਸ ਅਧਿਕਾਰੀ ਵੱਲੋਂ ਉਨ੍ਹਾਂ ਨੂੰ ਆਪਣੇ ਘਰ ਮਿਲਣ ਲਈ ਸੱਦੇ ਜਾਣ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਕ ਜਾਂਚ ਅਧਿਕਾਰੀ ਨੇ ਕਿਸ ਮਕਸਦ ਨਾਲ ਸ੍ਰੀ ਅਰੋੜਾ ਨੂੰ ਘਰ ਸੱਦਿਆ, ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ।
ਇੱਕ ਬਿਆਨ ਰਾਹੀਂ ਸ੍ਰੀ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਗੁਜਰਾਤ ਚੋਣਾਂ ਵਿੱਚ ਲਾਹਾ ਲੈਣ ਲਈ ‘ਆਪ’ ਇਸ ਤਰ੍ਹਾਂ ਦੇ ਸਟੰਟ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਜਾਂਚ ਅਧਿਕਾਰੀਆਂ ਵੱਲੋਂ ਬਾਂਹ ਮਰੋੜ ਕੇ ਲਈ ਜਾ ਰਹੀ ਕਥਿਤ ਫਿਰੌਤੀ ਸੀ ਜਾਂ ਭ੍ਰਿਸ਼ਟਾਚਾਰ ਹੋਇਆ ਹੈ, ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਲਾਟਾਂ ਦੀ ਵੰਡ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਉਸ ਵਿੱਚ ਸੁੰਦਰ ਸ਼ਾਮ ਅਰੋੜਾ ਨੂੰ ਲੋਕਪਾਲ ਵੱਲੋਂ ਪਹਿਲਾਂ ਹੀ ਨਿਰਦੋਸ਼ ਪਾਇਆ ਜਾ ਚੁੱਕਿਆ ਹੈ। ਫਿਰ ਵੀ ਜੇਕਰ ਸਰਕਾਰ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਬੇਸ਼ੱਕ ਕਰਵਾਏ ਪਰ ਸਰਕਾਰੀ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਮਕਸਦ ਸਿਰਫ ਗੁਜਰਾਤ ਚੋਣਾਂ ਵਿੱਚ ਲਾਹਾ ਲੈਣਾ ਹੈ। ਇਸ ਕੇਸ ਵਿੱਚ ਕੁਝ ਨਹੀਂ ਹੈ। ਉਨ੍ਹਾਂ ਜਾਂਚ ਅਧਿਕਾਰੀ ਵੱਲੋਂ ਅਰੋੜਾ ਨੂੰ ਘਰ ਸੱਦੇ ਜਾਣ, ਪ੍ਰਾਈਵੇਟ ਥਾਂ ’ਤੇ ਲੋਕੇਸ਼ਨ ਭੇਜ ਕੇ ਸੱਦਣ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। ਸ੍ਰੀ ਜਾਖੜ ਨੇ ਮਨੀਸ਼ ਸਿਸੋਦੀਆ ਦੀ ਤੁਲਨਾ ਸ਼ਹੀਦ-ਏ ਆਜ਼ਮ ਭਗਤ ਸਿੰਘ ਨਾਲ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ ਹੈ।