ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਦਸੰਬਰ
ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਤੇ ਟੀਕਰੀ ਧਰਨਿਆਂ ਉਪਰ ਪੰਜਾਬ ਤੋਂ ਲੋਕਾਂ ਦਾ ਲਗਾਤਾਰ ਆਉਣਾ ਜਾਰੀ ਹੈ। ਰੋਜ਼ਾਨਾ ਸੈਂਕੜੇ ਲੋਕ ਦਿੱਲੀ ਪਹੁੰਚ ਰਹੇ ਹਨ।
ਨਾਭਾ ਤੇ ਫਤਹਿਗੜ੍ਹ ਤੋਂ ਬਾਰ ਐਸੋਸੀਏਸ਼ਨਾਂ ਦੇ ਆਗੂ ਵੀ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਦਿੱਲੀ ਪੁੱਜਣ ਲੱਗੇ ਹਨ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਗੱਜਣਮਾਜਰਾ, ਸੰਤ ਬਾਬਾ ਗੁਰਪ੍ਰੀਤ ਸਿੰਘ ਤੇ ਸ਼ਰਧਾਲੂਆਂ ਸਮੇਤ ਫਤਹਿਗੜ੍ਹ ਬਾਰ ਐਸੋਸੀਏਸ਼ਨ ਦੇ ਨਰਿੰਦਰ ਸਿੰਘ, ਨਾਭਾ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ, ਪੰਥਕ ਅਕਾਲੀ ਲਹਿਰ ਤੋਂ ਕਿਸਾਨ ਆਗੂ ਅਮਰੀਕ ਸਿੰਘ ਰੰਮੀ, ਸੁਖਦੀਪ ਸਿੰਘ ਨਾਭਾ, ਵਿਕਰਮ ਸਿੰਘ ਰੰਧਾਵਾ, ਕੁਲਜੀਤ ਸਿੰਘ ਤੇ ਜੱਸੀ ਸੋਹੀਆ ਵਾਲਾ ਆਪਣੇ ਸਾਥੀਆਂ ਨਾਲ ਅੱਜ ਸਿੰਘੂ ਬੈਰੀਅਰ ਪਹੁੰਚੇ। ਆਗੂਆਂ ਨੇ ਹਰਿਆਣਾ ਦੇ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਇਸ ਗੁਆਂਢੀ ਸੂਬੇ ਦੇ ਕਿਸਾਨਾਂ ਦਾ ਧੰਨਵਾਦ ਕੀਤਾ। ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਦਿੱਲੀ ਤੋਂ ਕਰੀਬ 300 ਕਿਲੋਮੀਟਰ ਤੋਂ ਦੁੱਧ ਵਰਗੇ ਤੇ ਹੋਰ ਛੇਤੀ ਖਰਾਬ ਹੋਣ ਵਾਲੇ ਸਾਮਾਨ ਦੀ ਪੂਰਤੀ ਔਖਾ ਕੰਮ ਹੈ ਤੇ ਇਸ ਜ਼ਿੰੰਮੇਵਾਰੀ ਨੂੰ ਹਰਿਆਣਵੀਆਂ ਨੇ ਬਾਖੂਬੀ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਐੱਨਸੀਆਰ ਤੋਂ ਮਿਲ ਰਹੀ ਮਦਦ ਨਾਲ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਹੱਲ ਹੋਈਆਂ ਹਨ।