ਖੇਤਰੀ ਪ੍ਰਤੀਨਿਧ
ਸਨੌਰ, 25 ਜਨਵਰੀ
ਪ੍ਰੋ. ਪੇਮ ਸਿੰਘ ਚੰਦੂਮਾਜਰਾ ਹੁਣ ਤੱਕ ਦੇ 37 ਸਾਲਾਂ ਦੇ ਲੰਬੇ ਸਫਰ ਦੌਰਾਨ ਭਾਵੇਂ ਪੰਜ ਵਾਰ ਚੋਣ ਲੜ ਕੇ ਤਿੰਨ ਵਾਰ ਸੰਸਦ ਮੈਂਬਰ ਤਾਂ ਜ਼ਰੂਰ ਬਣ ਗਏ, ਪਰ ਦੁਬਾਰਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਸਬੱਬ ਨਹੀਂ ਬਣ ਸਕਿਆ| ਐਤਕੀਂ ਵੀ ਉਨ੍ਹਾਂ ਦਾ ਮੁਕਾਬਲਾ ਭਾਵੇਂ ਕਿ ਪਿਛਲੀ ਵਾਰ 36 ਹਜ਼ਾਰ ਦੀ ਲੀਡ ਲੈ ਕੇ ਪੰਜਾਬ ਭਰ ਵਿਚੋਂ ਤੀਜੇ ਨੰਬਰ ’ਤੇ ਰਹਿਣ ਵਾਲੇ ਕਾਂਗਰਸ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਆਪਣੀ ਚੋਣ ਮੁਹਿੰਮ ਨੂੰ ਵਧੇਰੇ ਚਮਕਾਉਣ ‘ਚ ਕਾਮਯਾਬ ਹੋਏ ‘ਆਪ’ ਉਮੀਦਵਾਰ ਗੁਰਲਾਲ ਸਿੰਘ ਨਾਲ ਹੈ, ਪਰ ਪਹਿਲੀਆਂ ਹਾਰਾਂ ਨੂੰ ਵਾਚਦਿਆਂ ਹੀ ਐਤਕੀਂ ਚੰਦੂਮਾਜਰਾ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ|
ਜ਼ਿਕਰਯੋਗ ਹੈ ਕਿ 1982 ’ਚ ਯੂਥ ਅਕਾਲੀ ਦਲ ਦੇ ਪਲੇਠੇ ਕੌਮੀ ਪ੍ਰਧਾਨ ਬਣੇ ਪ੍ਰੋ. ਚੰਦੂਮਾਜਰਾ ਨੇ 1985 ’ਚ ਡਕਾਲਾ ਤੋਂ ਪਲੇਠੀ ਚੋਣ ਲੜੀ ਸੀ ਜਿਸ ਦੌਰਾਨ ਡਕਾਲਾ ਤੋਂ 1977 ਅਤੇ 1980 ’ਚ ਵਿਧਾਇਕ ਰਹਿ ਚੁੱਕੇ ਲਾਲ ਸਿੰਘ ਨੂੰ 7289 ਵੋਟਾਂ ਨਾਲ ਹਰਾਇਆ ਸੀ| ਇਸ ਮਗਰੋਂ 1996 ਅਤੇ 1998 ’ਚ ਐੱਮਪੀ ਵੀ ਬਣੇ| 1998 ’ਚ ਤਾਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ| 1999 ’ਚ ਪਰਨੀਤ ਕੌਰ ਤੋਂ ਹਾਰ ਗਏ ਸਨ| ਫੇਰ ਵੱਖਰੀ ਪਾਰਟੀ ਸਰਬ ਹਿੰਦ ਅਕਾਲੀ ਦਲ ਵੱਲੋਂ ਚੋਣ ਲੜਨ ’ਤੇ ਵੀ ਉਹ ਪਰਨੀਤ ਕੌਰ ਕੋਲ਼ੋਂ ਲੋਕ ਸਭਾ ਦੀ ਚੋਣ ਵੀ ਹਾਰ ਗਏ ਸਨ ਪਰ 2014 ’ਚ ਉਹ ਆਪਣੇ ਹਲਕੇ ਪਟਿਆਲਾ ਤੋਂ ਕਈ ਕਿਲੋਮੀਟਰ ਦੂਰ ਸ੍ਰੀ ਆਨੰਦਪੁਰ ਸਾਹਿਬ ਤੋਂ ਜਾ ਕੇ ਐਮਪੀ ਬਣ ਗਏ ਸਨ| ਉਨ੍ਹਾਂ 2002 ’ਚ ਸੁਨਾਮ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਖ਼ਿਲਾਫ਼ ਵੀ ਸਰਬ ਹਿੰਦ ਅਕਾਲੀ ਦਲ ਵੱਲੋਂ ਚੋਣ ਲੜੀ ਪਰ ਉਦੋਂ ਵੀ ਸਫਲਤਾ ਹਾਸਲ ਨਾ ਹੋਈ|
ਉਨ੍ਹਾਂ 2007 ’ਚ ਲਹਿਰਾਗਾਗਾ ਜਾ ਕੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਮੁਕਾਬਲੇ ਵਿਧਾਨ ਸਭਾ ਚੋਣ ਲੜੇ ਤੇ ਸਿਰਫ਼ 243 ਸੌ ਵੋਟਾਂ ਨਾਲ ਹਾਰ ਗਏ| 2012 ‘ਚ ਉਹ ਅਕਾਲੀ ਉਮੀਦਵਾਰ ਵਜੋਂ ਫਤਿਹਗੜ੍ਹ ਸਾਹਿਬ ਤੋਂ ਜਾ ਕੇ ਚੋਣ ਲੜੇ ਤਾਂ ਉਥੋਂ ਦੀ ਕਾਂਗਰਸ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਕੋਲ਼ੋਂ ਕਰੀਬ 3 ਹਜ਼ਾਰ ਵੋਟਾਂ ਦੇ ਫਰਕ ਨਾਲ਼ ਹਾਰੇ ਸਨ|