ਲੁਧਿਆਣਾ (ਗਗਨਦੀਪ ਅਰੋੜਾ): ਹਿੰਦੀ ਤੇ ਪੰਜਾਬੀ ਸਿਨੇਮਾ ਦੀਆਂ 300 ਤੋਂ ਵੱਧ ਫ਼ਿਲਮਾਂ ’ਚ ਅਦਾਕਾਰੀ ਕਰਨ ਵਾਲੇ ਸਤੀਸ਼ ਕੌਲ ਦਾ ਅੱਜ ਲੁਧਿਆਣਾ ਵਿਚ ਦੇਹਾਂਤ ਹੋ ਗਿਆ। ਉਹ ਕਰੋਨਾ ਪਾਜ਼ੇਟਿਵ ਸਨ। ਕੌਲ ਕਈ ਦਿਨਾਂ ਤੋਂ ਦਰੇਸੀ ਦੇ ਇਕ ਹਸਪਤਾਲ ’ਚ ਭਰਤੀ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਦੱਸਣਯੋਗ ਹੈ ਕਿ ਕੌਲ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਸਾਲ 2019 ’ਚ ਜਦੋਂ ਖ਼ਬਰਾਂ ਰਾਹੀਂ ਸਤੀਸ਼ ਕੌਲ ਦੀ ਤੰਗਹਾਲੀ ਸਾਹਮਣੇ ਆਈ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਡੀਸੀ ਖ਼ੁਦ ਕੌਲ ਨੂੰ ਮਿਲਣ ਪੁੱਜੇ ਸਨ। ਸਤੀਸ਼ ਕੌਲ ਦਾ ਪਿੱਠ ਦੀ ਸੱਟ ਲਈ ਵੀ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਅਦਾਕਾਰ ਨੇ ਅੱਜ ਦੁਪਹਿਰ ਬਾਅਦ ਕਰੀਬ ਦੋ ਵਜੇ ਅੰਤਿਮ ਸਾਹ ਲਏ। ਉਨ੍ਹਾਂ ਦੀ ਦੇਖਭਾਲ ਕਰ ਰਹੀ ਸੱਤਿਆ ਦੇਵੀ ਨੇ ਦੱਸਿਆ ਕਿ ਉਹ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਸਨ।
ਪੁਣੇ ਦੇ ਫ਼ਿਲਮ ਇੰਸਟੀਚਿਊਟਵਿੱਚ ਜਯਾ ਤੇ ਸ਼ਤਰੂ ਦੇ ਬੈਚਮੇਟ ਸਨ ਕੌਲ
ਤਿੰਨ ਦਹਾਕਿਆਂ ਤੱਕ ਪੰਜਾਬੀ ਤੇ ਹਿੰਦੀ ਸਿਨੇਮਾ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਗੁੰਮਨਾਮੀ ’ਚ ਗੁਜ਼ਾਰੇ। ਕੌਲ ਦਾ ਜਨਮ 8 ਸਤੰਬਰ, 1954 ਨੂੰ ਕਸ਼ਮੀਰ ’ਚ ਹੋਇਆ ਸੀ। ਪਿਤਾ ਦੇ ਕਹਿਣ ’ਤੇ 1969 ’ਚ ਉਹ ਪੁਣੇ ਦੇ ਫ਼ਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ’ਚ ਗ੍ਰੈਜੂਏਸ਼ਨ ਕਰਨ ਚਲੇ ਗਏ। ਅਦਾਕਾਰਾ ਜਯਾ ਬਚਨ, ਡੈਨੀ ਤੇ ਸ਼ਤਰੂਘਨ ਸਿਨਹਾ ਉਨ੍ਹਾਂ ਦੇ ਬੈਚਮੇਟ ਰਹੇ। ਸਤੀਸ਼ ਕੌਲ ਨੇ 1973 ’ਚ ਪਹਿਲੀ ਫ਼ਿਲਮ ਕੀਤੀ। ਕੌਲ ਨੇ ਅਮਰੀਕਾ ਵਿਚ ਵਿਆਹ ਕਰਵਾਇਆ ਪਰ ਸਿਨੇਮਾ ਦਾ ਜਨੂੰਨ ਉਨ੍ਹਾਂ ਨੂੰ ਵਾਪਸ ਭਾਰਤ ਖਿੱਚ ਲਿਆਇਆ। ਕੌਲ ਨੇ ਬਾਲੀਵੁੱਡ ਫ਼ਿਲਮ ‘ਬੰਦ ਦਰਵਾਜ਼ਾ’, ‘ਸੱਸੀ ਪੁਨੂੰ’, ‘ਮਹਾਭਾਰਤ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਦਲੀਪ ਕੁਮਾਰ, ਦੇਵ ਆਨੰਦ ਤੇ ਸ਼ਾਹਰੁਖ਼ ਖ਼ਾਨ ਵਰਗੇ ਅਦਾਕਾਰ ਨਾਲ ਵੀ ਕੰਮ ਕੀਤਾ।