ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਦਸੰਬਰ
ਬਟਾਲਾ ਵਾਸੀ ਵਿਅਕਤੀ ਨੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਦੋ ਸਦੀਆਂ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਵਲੋਂ ਭੇਟ ਕੀਤੇ ਦਰਵਾਜ਼ੇ ਮੁਰੰਮਤ ਮਗਰੋਂ ਮੁੜ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਵਿਚ ਸਥਾਪਤ ਕੀਤੇ ਜਾਣ। ਸੁਰਿੰਦਰ ਸਿੰਘ ਕਲਸੀ ਵਲੋਂ ਇਸ ਸਬੰਧੀ ਵਕੀਲ ਐਚਐਸ ਮਾਂਗਟ ਰਾਹੀਂ ਕਮੇਟੀ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਪੁਰਾਤਨ ਦਰਵਾਜ਼ੇ ਦੀ ਮੁਰੰਮਤ ਲਈ ਸ਼ਰਧਾਲੂਆਂ ਕੋਲੋਂ ਦਾਨ ਵੀ ਪ੍ਰਾਪਤ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਇਕ ਮਹੀਨੇ ਵਿਚ ਪੁਰਾਤਨ ਗੇਟ ਦਰਸ਼ਨੀ ਡਿਓਢੀ ਵਿਖੇ ਸਥਾਪਤ ਨਾ ਕੀਤੇ ਗਏ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿਚ ਲੈ ਕੇ ਜਾਣਗੇ। ਦੱਸਣਯੋਗ ਹੈ ਕਿ ਇਸ ਸਬੰਧੀ ਪਹਿਲਾਂ ਵੀ ਕਈ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਕੋਲ ਰੋਸ ਦਰਜ ਕਰਵਾ ਚੁੱਕੀਆਂ ਹਨ। ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਪੁਰਾਤਨ ਦਰਵਾਜ਼ਿਆਂ ਨੂੰ ਮੁੜ ਸਥਾਪਤ ਕਰਨਾ ਸੁਰੱਖਿਅਤ ਨਹੀਂ ਹੈ।
ਸੋਸ਼ਲ ਮੀਡੀਆ ਰਾਹੀਂ ਧਰਮ ਪ੍ਰਚਾਰ ਕਰੇਗੀ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਸਮਾਗਮਾਂ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤ ਤੱਕ ਪਹੁੰਚਾਉਣ ਲਈ ਸੂਚਨਾ ਤਕਨੀਕ ਵਿਭਾਗ ਦਾ ਵਿਸਥਾਰ ਕੀਤਾ ਗਿਆ ਹੈ। ਇਸ ਤਹਿਤ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸਰਗਰਮੀਆਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਪ੍ਰਚਾਰਿਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੂਚਨਾ ਤਕਨੀਕ ਵਿਭਾਗ ਦੇ ਨਵੇਂ ਦਫ਼ਤਰ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ।