ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਫਰਵਰੀ
ਲਹਿਰਾਗਾਗਾ ਨਗਰ ਕੌਂਸਲ ਦੇ ਐਲਾਨੇ ਨਤੀਜੇ ਬਦਲਣ ਕਾਰਨ ਬਾਬਾ ਹੀਰਾ ਸਿੰਘ ਭੱਠਲ ਕਾਲਜ ’ਚੋਂ ਈਵੀਐੱਮ ਲਿਜਾ ਰਹੇ ਟਰੱਕ ਨੂੰ ਘੇਰਕੇ ਲੋਕਾਂ ਨੇ ਲਹਿਰਾਗਾਗਾ- ਸੁਨਾਮ ਮੁੱਖ ਸੜਕ ’ਤੇ ਜਾਮ ਲੱਗਾ ਹੈ ਅਤੇ ਕਾਂਗਰਸੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਐੱਸਡੀਐੱਮ ਜੀਵਨ ਜੋਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਡੀਐੱਸਪੀ ਰਛਪਾਲ ਸਿੰਘ, ਡੀਐੱਸਪੀ ਮੂਨਕ ਰੌਸ਼ਨ ਲਾਲ, ਥਾਣਾ ਸਦਰ ਦੇ ਮੁੱਖੀ ਇੰਸਪੈਕਟਰ ਵਿਜੈ ਪਾਲ ਦੀ ਅਗਵਾਈ ’ਚ ਪੁਲੀਸ ਵੱਡੀ ਗਿਣਤੀ ’ਚ ਸੁਰੱਖਿਆ ਲਈ ਤਾਇਨਾਤ ਹੈ। ਸ਼ਾਮ ਨੂੰ ਬਦਲੇ ਨਤੀਜੇ ’ਚ ਵਾਰਡ ਦੋ ਤੋਂ ਉਮੀਦਵਾਰ ਸੁਰਿੰਦਰ ਕੌਰ ਦੀ ਬਜਾਏ ਕਾਂਗਰਸ ਦੀ ਪੂਜਾ ਰਾਣੀ ਅਤੇ ਵਾਰਡ ਅੱਠ ਦੇ ਜੇਤੂ ਸੁਰਿੰਦਰ ਸਿੰਘ ਜੱਗੀ ਦੇ ਬਜਾਏ ਕਾਂਗਰਸ ਦੀ ਸਹਿਪਾਲ ਕੌਰ ਨੂੰ ਜੇਤੂ ਐਲਾਨਿਆ ਗਿਆ। ਜੇਤੂ ਉਮੀਦਵਾਰਾਂ ਨੇ ਢੋਲ ਢਮੱਕੇ ਨਾਲ ਜੇਤੂ ਜਲੂਸ ਕੱਢੇ ਅਤੇ ਲੱਡੂ ਵਗੈਰਾ ਵੰਡੇ ਪਰ ਸ਼ਾਮੀ ਸਾਢੇ ਪੰਜ ਵਜੇ ਵੰਡੇ ਜੇਤੂ ਸਰਟੀਫਿਕੇਟਾਂ ’ਚ ਤਬਦੀਲੀ ਹੋ ਗਈ। ਸਵੇਰ ਵਾਲੇ ਇਥੇ ਅੱਜ ਚੋਣ ਰਜਿਸਟੇਸ਼ਨ ਅਧਿਕਾਰੀ ਵੱਲੋਂ ਅੱਜ ਐਲਾਨੇ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ 15 ਵਾਰਡਾਂ ’ਚੋਂ 9 ਕਾਂਗਰਸੀ, ਲਹਿਰਾ ਵਿਕਾਸ ਮੰਚ ਦੇ ਪੰਜ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਹੇ। ਲਹਿਰਾ ਵਿਕਾਸ ਮੰਚ ਦੇ ਉਮੀਦਵਾਰ ਮੰਜੂ ਗੋਇਲ ਵਾਰਡ ਇੱਕ, ਸੁਰਿਦਰ ਕੌਰ ਦੋ, ਗੋਰਵ ਗੋਇਲ ਤਿੰਨ, ਕਾਂਤਾ ਗੋਇਲ ਪੰਜ ਜੇਤੂ ਰਹੇ। ਵਾਰਡ ਚਾਰ ’ਚ ਬਲਾਕ ਕਾਂਗਰਸ ਦੇ ਪ੍ਰਧਾਨ ਰਾਜੇਸ਼ ਭੋਲਾ, ਵਾਰਡ ਛੇ ’ਚ ਕਾਂਗਰਸ ਦੇ ਐਡਵੋਕੇਟ ਰਜਨੀਸ਼ ਗੁਪਤਾ, ਵਾਰਡ ਸੱਤ ਤੋਂ ਸੀਮਾ ਗਰਗ ਪਤਨੀ ਸੰਜੀਵ ਹਨੀ ਸੂਬਾ ਸਕੱਤਰ ਕਾਂਗਰਸ, ਵਾਰਡ ਅੱਠ ’ਚ ਆਜ਼ਾਦ ਸੁਰਿੰਦਰ ਸਿੰਘ ਜੱਗੀ ਜੇਤੂ, ਵਾਰਡ 9 ’ਚੋਂ ਕਾਂਗਰਸੀ ਜਸਵੀਰ ਕੌਰ ਪਤਨੀ ਦਰਬਾਰਾ ਸਿੰਘ ਹੈਪੀ, ਵਾਰਡ ਦਸ ’ਚੋਂ ਆਜ਼ਾਦ ਬਲਵੀਰ ਸਿੰਘ ਬੀਰਾ, ਵਾਰਡ 11 ’ਚੋਂ ਕਾਂਗਰਸੀ ਉਮੀਦਵਾਰ ਸੁਦੇਸ਼ ਰਾਣੀ ਸ਼ਰਮਾ, ਵਾਰਡ 12 ’ਚੋਂ ਆਜ਼ਾਦ ਉਮੀਦਵਾਰ ਕਪਿਲ ਤਾਇਲ, ਵਾਰਡ 13 ’ਚੋਂ ਕਾਂਗਰਸੀ ਉਮੀਦਵਾਰ ਕ੍ਰਿਪਾਲ ਸਿੰਘ ਨਾਥਾ, ਵਾਰਡ 14 ’ਚ ਸਾਬਕਾ ਕੌਂਸਲ ਪ੍ਰਧਾਨ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ, ਵਾਰਡ 15 ’ਚੋਂ ਕਾਂਗਰਸੀ ਉਮੀਦਵਾਰ ਹਰਜੀਤ ਕੌਰ ਜੇਤੂ ਰਹੇ। ਏਵੀਐੱਮ ਦੀ ਗਿਣਤੀ ਸਮੇਂ ਕੁਝ ਸਮਰਥਕਾਂ ਨੇ ਕਾਲਜ ਅੰਦਰ ਦਾਖਲ ਹੋਣ ਦੀ ਜਿੱਦ ਕੀਤੀ ਜਿਨ੍ਹਾਂ ’ਤੇ ਪੁਲੀਸ ਨੂੰ ਹਲਕਾ ਲਾਠੀਚਾਰਜ ਕਰਨਾ ਪਿਆ ਹੈ। ਸ਼ਹਿਰ ’ਚ ਜੇੇਤੂ ਉਮੀਦਵਾਰ ਆਪਣੇ ਜਲੂਸ ਕੱਢ ਰਹੇ ਹਨ।